ਵਾਸ਼ਿੰਗਟਨ: ਕਿਸਾਨ ਅੰਦੋਲਨ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ‘ਤੇ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ। ਹੁਣ ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਵੀ ਇਸ ਮੁੱਦੇ ‘ਤੇ ਇਕ ਬਿਆਨ ਜਾਰੀ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਕੀਤੇ ਜਾ ਰਿਹਾ ਅੰਦੋਲਨ ਲੋਕਤੰਤਰ ਦੀ ਪਛਾਣ ਹੈ।
ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਜਿਹੇ ਕਦਮਾਂ ਦਾ ਅਸੀਂ ਸਵਾਗਤ ਕਰਦੇ ਹਾਂ, ਜਿਸ ਵਿੱਚ ਕਿਸਾਨਾਂ ਲਈ ਭਾਰਤ ਦੇ ਅੰਦਰ ਬਾਜ਼ਾਰ ਵਧਣਗੇ ਅਤੇ ਨਿੱਜੀ ਖੇਤਰਾਂ ਵਿਚ ਨਿਵੇਸ਼ ਹੋਵੇਗਾ।
ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਇਸ ਬਿਆਨ ਵਿੱਚ ਸੰਕੇਤ ਦਿੱਤਾ ਗਿਆ ਹੈ ਕਿ ਜੋਅ ਬਾਇਡਨ ਪ੍ਰਸ਼ਾਸਨ ਖੇਤੀਬਾੜੀ ਖੇਤਰ ਵਿੱਚ ਸੁਧਾਰ ਦੇ ਲਈ ਚੁੱਕੇ ਗਏ ਭਾਰਤ ਸਰਕਾਰ ਦੇ ਕਦਮਾਂ ਦੇ ਨਾਲ ਸਮਰਥਨ ਵਿੱਚ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਆਮ ਤੌਰ ‘ਤੇ ਅਸੀਂ ਅਜਿਹੇ ਕਦਮਾਂ ਦਾ ਸਵਾਗਤ ਕਰਦੇ ਹਾਂ ਜਿਸ ਵਿੱਚ ਭਾਰਤ ਦੇ ਬਾਜ਼ਾਰਾਂ ਦੀ ਕੰਮ ਕਰਨ ਦੀ ਸਮਰੱਥਾ ਵਧੇਗੀ ਅਤੇ ਖੇਤਰ ਵਿੱਚ ਪ੍ਰਾਈਵੇਟ ਸੈਕਟਰ ਦਾ ਨਿਵੇਸ਼ ਵਧੇਗਾ। ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ‘ਤੇ ਸਵਾਲ ਪੁੱਛੇ ਜਾਣ ‘ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਦੋਨਾਂ ਧਿਰਾਂ ਦੇ ਨਾਲ ਗੱਲਬਾਤ ਰਾਹੀਂ ਹੱਲ ਕੱਢਣ ਲਈ ਵਧਾਵਾ ਦੇਵੇਗਾ।