ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਅੰਦੋਲਨ ਕਰ ਰਹੇ ਕਿਸਾਨਾਂ ਅੱਗੇ ਕਈ ਮੁਸ਼ਕਿਲਾਂ ਖੜੀਆਂ ਹੋ ਰਹੀਆਂ ਹਨ। ਪਹਿਲਾਂ ਮੌਸਮ ਦੀ ਮਾਰ ਕਿਸਾਨਾਂ ਨੇ ਸਹਿਣ ਕੀਤੀ ਤਾਂ ਹੁਣ ਦਿੱਲੀ ਪੁਲਿਸ ਅਤੇ ਕੇਂਦਰ ਸਰਕਾਰ ਦੀਆਂ ਸਖ਼ਤੀਆਂ ਕਿਸਾਨਾਂ ਨੂੰ ਝੱਲਣੀਆਂ ਪੈ ਰਹੀਆਂ ਹਨ। ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਲਈ ਇੰਟਰਨੈੱਟ ਸੇਵਾ ਪੂਰੀ ਤਰ੍ਹਾਂ ਨਾਲ ਠੱਪ ਕੀਤੀ ਗਈ ਹੈ। ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਅੰਦੋਲਨ ਵਾਲੀ ਥਾਂ ਦੇ ਆਲੇ ਦੁਆਲੇ ਸੁਰੱਖਿਆ ਨੂੰ ਵਧਾ ਦਿੱਤਾ ਹੈ। ਦਿੱਲੀ ਪੁਲਿਸ ਵੱਲੋਂ ਧਰਨੇ ਵਾਲੀ ਥਾਂ ਨੇੜੇ ਸੜਕਾਂ ਵਿੱਚ ਕਿੱਲਾਂ ਠੋਕੀਆਂ ਜਾ ਰਹੀਆਂ ਹਨ। ਤਾਂ ਜੋਂ ਇੱਥੋਂ ਕਿਸਾਨਾਂ ਦਾ ਕੋਈ ਵੀ ਵਾਹਨ ਅੱਗੇ ਵਧਣ ਦੀ ਕੋਸ਼ਿਸ਼ ਕਰੇ ਤਾਂ ਉਸ ਦੇ ਟਾਇਰ ਪੈਂਚਰ ਹੋ ਜਾਣ।
ਇਸ ਤੋਂ ਇਲਾਵਾ ਅੰਦੋਲਨ ਵਾਲੀ ਥਾਂ ਦੇ ਆਲੇ ਦੁਆਲੇ ਕੰਡਿਆਲੀ ਤਾਰ ਵਿਛਾਈ ਜਾ ਰਹੀ ਹੈ। ਅੰਦਰੂਨੀ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਨੇ ਇੱਕ ਤਰ੍ਹਾਂ ਕਿਸਾਨਾਂ ਦੇ ਅੰਦੋਲਨ ਦਾ ਨਾਤਾ ਆਮ ਲੋਕਾਂ ਨਾਲੋਂ ਤੋੜ ਦਿੱਤਾ ਹੈ। ਜਿਸ ‘ਤੇ ਕਿਸਾਨਾਂ ਨੇ ਇਤਰਾਜ਼ ਜਤਾਇਆ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਹੈ ਕਿ ਜਦੋਂ ਤਕ ਸਰਕਾਰ ਅਜਿਹੀਆਂ ਸਖ਼ਤੀਆਂ ਵਰਤੇਗੀ ਤਾਂ ਉਦੋਂ ਤੱਕ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਕਿਸਾਨਾਂ ਨੇ ਸਾਫ਼ ਕੀਤਾ ਕਿ ਪੁਲੀਸ ਅਤੇ ਪ੍ਰਸ਼ਾਸਨ ‘ਤਸ਼ੱਦਦ ’ ਬੰਦ ਨਹੀਂ ਕਰਦਾ ਅਤੇ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਸੀਂ ਕੇਂਦਰ ਸਰਕਾਰ ਨਾਲ ਖੇਤੀ ਕਾਨੂੰਨ ਮੁੱਦੇ ‘ਤੇ ਕੋਈ ਗੱਲਬਾਤ ਨਹੀਂ ਕਰਾਂਗੇ।