ਲੁਧਿਆਣਾ: ਟਰੇਨਾਂ ਰਾਹੀਂ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਰੇਲਵੇ ਵਿਭਾਗ ਵੱਲੋਂ ਇਕ ਵੱਡੀ ਰਾਹਤ ਦਿੱਤੀ ਗਈ ਹੈ। ਲੁਧਿਆਣਾ ਰੇਲਵੇ ਸਟੇਸ਼ਨ ਤੋਂ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੀਆਂ 13 ਟਰੇਨਾਂ ਅੱਜ ਤੋਂ ਪਟੜੀਆਂ ‘ਤੇ ਦੌੜਦੀਆਂ ਨਜ਼ਰ ਆਉਣਗੀਆਂ।
ਰੇਲਵੇ ਵਿਭਾਗ ਮੁਤਾਬਕ ਮੌਜੂਦਾ ਸਮੇਂ ਟਰੇਨਾਂ ਦੀ ਗਿਣਤੀ ਕਾਫੀ ਘੱਟ ਹੋਣ ਦੇ ਚਲਦੇ ਲੰਬੀ ਦੂਰੀ ਦੀ ਯਾਤਰਾ ਕਰਨ ‘ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਨੂੰ ਦੇਖਦੇ ਹੋਏ ਹੀ ਰੇਲਵੇ ਵਿਭਾਗ ਨੇ ਟ੍ਰੇਨਾਂ ਨੂੰ ਵਧਾਉਣ ਦਾ ਐਲਾਨ ਕੀਤਾ ਹੈ।
ਕੋਰੋਨਾ ਵਾਇਰਸ ਕਾਰਨ ਲੱਗੇ ਲਾਕਡਾਊਨ ਅਤੇ ਕਿਸਾਨ ਅੰਦੋਲਨ ਦੇ ਚਲਦਿਆਂ ਸਿਰਫ 12 ਟਰੇਨਾਂ ਹੀ ਚਲਾਈਆਂ ਜਾ ਰਹੀਆਂ ਸਨ। ਜਦਕਿ ਕੋਰੋਨਾ ਕਾਲ ਤੋਂ ਪਹਿਲਾਂ ਰੋਜ਼ਾਨਾ ਲਗਭਗ 180 ਟਰੇਨਾਂ ਲੁਧਿਆਣਾ ਸਟੇਸ਼ਨ ‘ਤੇ ਰੁਕਦੀਆਂ ਸੀ। ਹੁਣ ਸੋਮਵਾਰ ਤੋਂ 13 ਹੋਰ ਟਰੇਨਾਂ ਦਾ ਸਟੋਪ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਹੋਵੇਗਾ। ਜਿਸ ਨਾਲ ਯਾਤਰੀਆਂ ਨੂੰ ਕਾਫ਼ੀ ਸਹੂਲਤ ਮਿਲੇਗੀ।