‘ਕਿਸਾਨ ਅੰਦੋਲਨ ਦੌਰਾਨ ਨਿਗਮ ਚੋਣਾਂ ਕਰਵਾ ਕੇ ਕੈਪਟਨ ਸਰਕਾਰ ਅੰਦੋਲਨ ਨੂੰ ਤਾਰਪੀਡੋ ਕਰਨਾ ਚਾਹੁੰਦੀ’

TeamGlobalPunjab
3 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਵੱਲੋਂ ਪ੍ਰਮੁੱਖ ਆਗੂਆਂ ਦੀ ਇੱਕ ਅਹਿਮ ਬੈਠਕ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਕੀਤੀ ਗਈ। ਮੀਟਿੰਗ ਵਿਚ ਕਿਸਾਨ ਅੰਦੋਲਨ ਨੂੰ ਬਜੂਰਗਾਂ ਅਤੇ ਨੌਜਵਾਨਾਂ ਅਤੇ ਬੀਬੀਆਂ ਦੇ ਆਪਸੀ ਤਾਲਮੇਲ ਨਾਲ ਚਲਾਉਣ ਵਾਲੀਆਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਦੀ ਸ਼ਲਾਘਾ ਕਰਦਿਆਂ ਪਾਰਟੀ ਦੇ ਸਾਰੇ ਪ੍ਰਮੁੱਖ ਆਗੂਆਂ ਨੇ ਕਿਹਾ ਕਿ ਕਿਸਾਨਾਂ ਅਤੇ ਜਥੇਬੰਦੀਆਂ ਦਾ ਆਪਸੀ ਤਾਲਮੇਲ ਬਹੁਤ ਹੀ ਬਿਹਤਰ ਹੈ। ਜਿਸ ਕਾਰਨ ਹੁਣ ਤਕ ਕਿਸਾਨ ਅੰਦੋਲਨ ਸਿਖਰ `ਤੇ ਪਹੁੰਚ ਗਿਆ ਹੈ। ਆਗੂਆਂ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਇਕੱਠ ਜਾਬਤੇ ਵਿੱਚ ਰਿਹਾ ਹੈ ਜਦੋਂਕਿ ਜਾਬਤੇ ਦੀ ਉਲੰਘਣਾ ਸਰਕਾਰ ਵੱਲੋਂ ਹੀ ਕੀਤੀ ਗਈ। ਪਾਰਟੀ ਨੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਆਉਣ ਵਾਲੀ 26 ਜਨਵਰੀ ਦੇ ਕੱਢੇ ਜਾ ਰਹੇ ਟਰੈਕਟਰ ਮਾਰਚ ਵਿਚ ਆਪਣੇ ਆਗੂਆਂ ਅਤੇ ਵਰਕਰਾਂ ਨੂੰ ਵਧ- ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ ਅਤੇ ਕਿਸਾਨਾਂ ਜਥੇਬੰਦੀਆਂ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਲਈ ਕਿਹਾ ਹੈ। ਮੀਟਿੰਗ ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਨਿਗਮ ਚੋਣਾਂ `ਤੇ ਵੀ ਚਰਚਾ ਕੀਤੀ ਗਈ।

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਜਿਹੇ ਮਾਹੌਲ ਵਿੱਚ ਨਿਗਮ ਚੋਣਾਂ ਦਾ ਐਲਾਨ ਕਰਵਾਉਣ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨ ਅੰਦੋਲਨ ਦੌਰਾਨ ਚੋਣਾਂ ਨਹੀ ਕਰਵਾਉਣੀਆਂ ਚਾਹੀਦੀਆਂ ਹਨ, ਪਰ ਕੈਪਟਨ ਅਮਰਿੰਦਰ ਸਿੰਘ ਉਪਰੋਂ- ਉਪਰੋ ਕਿਸਾਨਾਂ ਦੀ ਹਮਾਇਤ ਦਾ ਵਿਖਾਵਾ ਕਰਦੇ ਹਨ ਅਤੇ ਚੋਣਾਂ ਕਰਵਾਉਣ ਵਾਲੀ ਕਾਰਵਾਈ ਪੂਰੀ ਤਰਾਂ ਕਿਸਾਨ ਵਿਰੋਧੀ ਹੈ। ਉਨ੍ਹਾ ਕਿਹਾ ਕਿ ਜਦੋਂ ਇਸ ਸਮੇਂ ਪੰਜਾਬ ਦਾ ਬੱਚਾ- ਬੱਚਾ ਕਿਸਾਨ ਅੰਦੋਲਨ ਵਿਚ ਹੈ ਅਤੇ ਸਭਦਾ ਧਿਆਨ ਉਸ ਪਾਸੇ ਹੈ ਤਾਂ ਫ਼ਿਰ ਚੋਣਾਂ ਕਰਵਾ ਕੇ ਪੰਜਾਬ ਦੇ ਲੋਕਾਂ ਦਾ ਧਿਆਨ ਵੰਡਣਾ ਕੈਪਟਨ ਸਰਕਾਰ ਦਾ ਸਾਜਿਸ਼ੀ ਵਤੀਰਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਨਿਗਮ ਚੋਣਾਂ ਵਿਚ ਅਕਾਲੀ ਦਲ (ਬਾਦਲ), ਕਾਂਗਰਸ, ਅਤੇ ਭਾਜਪਾ ਨੂੰ ਛੱਡ ਕੇ ਜੋ ਵੀ ਚੰਗੇ ਅਕਸ ਵਾਲੇ ਉਮੀਦਵਾਰ ਹੋੋਣ ਉਨ੍ਹਾ ਦੀ ਹਮਾਇਤ ਕਰਨ। ਉਨ੍ਹਾ ਕਿਹਾ ਕਿ ਪਾਰਟੀ ਆਪਣੇ ਪੱਧਰ `ਤੇ ਨਿਗਮ ਚੋਣਾਂ ਨਹੀ ਲੜੇਗੀ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ, ਜਸਟਿਸ ਨਿਰਮਲ ਸਿੰਘ, ਪਰਮਜੀਤ ਕੌਰ ਗੁਲਸ਼ਨ, ਹਰਜੀਤ ਕੌਰ ਤਲਵੰਡੀ, ਰਣਜੀਤ ਸਿੰਘ ਤਲਵੰਡੀ, ਨਿਧੜਕ ਸਿੰਘ ਬਰਾੜ, ਜਗਦੀਸ਼ ਸਿੰਘ ਗਰਚਾ, ਸੁਖਵੰਤ ਸਿੰਘ ਟਿੱਲੂ, ਗੁਰਬਚਨ ਸਿੰਘ ਬਚੀ ਤੋਂ ਇਲਾਵਾ ਹੋਰ ਪ੍ਰਮੁੱਖ ਆਗੂ ਮੌਜੂਦ ਸਨ।

Share this Article
Leave a comment