ਚੰਡੀਗੜ੍ਹ : ਕਿਸਾਨ ਜਥੇਬੰਦੀਆਂ ਵੱਲੋਂ ਬੀਤੀ ਰਾਤ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ‘ਤੇ ਅੰਦੋਲਨ ਵਿੱਚ ਹਿੰਸਾ ਫੈਲਾਉਣ ਦੇ ਇਲਜ਼ਾਮ ਲਾਏ ਜਾ ਰਹੇ ਸਨ। ਹੁਣ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਮੌਜੂਦ ਨੌਜਵਾਨ ਆਪਣੇ ਆਪ ਨੂੰ ਕਿਸਾਨਾਂ ਵੱਲੋਂ ਕਾਬੂ ਕੀਤਾ ਸ਼ੱਕੀ ਦੱਸ ਰਿਹਾ ਹੈ। ਇਸ ਵਿਅਕਤੀ ਨੇ ਕਿਸਾਨ ਲੀਡਰਾਂ ‘ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਕਿਸਾਨਾਂ ਨੇ ਪਹਿਲਾਂ ਮੇਰੇ ਨਾਲ ਧੱਕਾਮੁੱਕੀ ਕੀਤੀ। ਇਸ ਤੋਂ ਬਾਅਦ ਡਰਾ ਧਮਕਾ ਕੇ ਪ੍ਰੈੱਸ ਸਾਹਮਣੇ ਲਿਆਂਦਾ। ਕਿਸਾਨਾਂ ਨੇ ਮੇਰੇ ‘ਤੇ ਦਬਾਅ ਬਣਾ ਕੇ ਝੂਠੇ ਬਿਆਨ ਦੇਣ ਲਈ ਕਿਹਾ ਸੀ। ਇਸ ਵਿਅਕਤੀ ਨੇ ਕਿਹਾ ਕਿ ਜਥੇਬੰਦੀਆਂ ਦੇ ਲੀਡਰਾਂ ਨੇ ਜਿਹੜੇ ਮੇਰੇ ਤੋਂ ਬਿਆਨ ਪ੍ਰੈੱਸ ਸਾਹਮਣੇ ਲਏ ਸਨ ਉਸ ਸਭ ਮੈਂ ਝੂਠੀ ਕਹਾਣੀ ਬਣਾ ਕੇ ਦੱਸੀ ਸੀ ਤਾਂ ਜੋ ਮੈਂ ਭੀੜ ਦੇ ਗੁੱਸੇ ਤੋਂ ਬੱਚ ਕੇ ਪੁਲਿਸ ਸਾਹਮਣੇ ਪੇਸ਼ ਹੋ ਸਕਾ।
ਬੀਤੀ ਰਾਤ ਕੁਝ ਕਿਸਾਨ ਲੀਡਰਾਂ ਨੇ ਹਰਿਆਣਾ ਦੇ ਟਿਕਰੀ ਬੌਰਡਰ ਤੋਂ ਇੱਕ ਸ਼ਕੀ ਵਿਅਕਤੀ ਨੂੰ ਕਾਬੂ ਕੀਤਾ ਸੀ। ਜਿਸ ‘ਤੇ ਅੰਦੋਲਨ ਵਿੱਚ ਹਿੰਸਾ ਫੈਲਾਉਣ, ਕੁਝ ਕਿਸਾਨ ਲੀਡਰਾਂ ਨੂੰ ਜਾਨੋ ਮਾਰਨ ਅਤੇ ਟਰੈਕਟਰ ਮਾਰਚ ‘ਚ ਫਾਇਰਿੰਗ ਕਰਨ ਦੇ ਇਲਜ਼ਾਮ ਲਾਏ ਸਨ। ਹਲਾਂਕਿ ਕਿਸਾਨ ਲੀਡਰਾਂ ਨੇ ਜਦੋਂ ਸ਼ੱਕੀ ਵਿਅਕਤੀ ਨੂੰ ਮੀਡੀਆ ਸਾਹਮਣੇ ਲਿਆਂਦਾ ਸੀ ਤਾਂ ਉਸ ਦੀ ਪਛਾਣ ਲੁਕਾ ਕੇ ਰੱਖੀ ਸੀ ਪਰ ਹੁਣ ਇੱਕ ਵੀਡੀਓ ‘ਚ ਨੌਜਵਾਨ ਆਪਣੇ ਆਪ ਨੂੰ ਉਹ ਸ਼ੱਕੀ ਵਿਅਕਤੀ ਦੱਸ ਰਿਹਾ ਹੈ। ਅਤੇ ਅੰਦੋਲਨ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਫੈਲਾਉਣ ਵਾਲੇ ਬਿਆਨ ਤੋਂ ਮੁੱਕਰ ਰਿਹਾ ਹੈ।