ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਕੌਮੀ ਜਾਂਚ ਏਂਜਸੀ ਐਨ ਆਈ ਏ ਵੱਲੋਂ ਕਿਸਾਨਾਂ ਨੂੰ ਨੋਟਿਸ ਭੇਜੇ ਜਾਣ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਨੋਟਿਸ ਤਾਂ ਅਰਣਬ ਗੋਸਵਾਮੀ ਨੂੰ ਭੇਜੇ ਜਾਣੇ ਚਾਹੀਦੇ ਹਨ।
ਸੁਨੀਲ ਜਾਖੜ ਨੇ ਅੱਜ ਇੱਥੋਂ ਜਾਰੀ ਬਿਆਨ ਵਿਚ ਕਿਹਾ ਕਿ ਇਸ ਸਮੇਂ ਜੇਕਰ ਐਨਆਈਏ ਰਾਹੀਂ ਕਿਸੇ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਉਹ ਹੈ ਅਰਣਬ ਗੋਸਵਾਮੀ, ਜਿਸ ਨੇ ਆਫਿਸੀਅਲ ਸਿਕ੍ਰੇਟ ਐਕਟ ਦੀ ਉਲੰਘਣਾ ਕਰਕੇ ਦੇਸ਼ ਦੀ ਸੁਰੱਖਿਆ ਨਾਲ ਜੁੜੀਆਂ ਗੁਪਤ ਸੂਚਨਾਵਾਂ ਹੋਰਨਾਂ ਨਾਲ ਸਾਂਝੀਆਂ ਕੀਤੀਆਂ ਹਨ।
ਉਨਾਂ ਨੇ ਕਿਸਾਨ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਨਾਲ ਗਲਬਾਤ ਦੌਰਾਨ ਇਹ ਮੁੱਦਾ ਉਠਾਉਣ ਕਿਉਂਕਿ ਉਨਾਂ ਦੇ ਹੀ ਬੱਚੇ ਸੁਰੱਖਿਆ ਸੈਨਾਵਾਂ ਵਿਚ ਤਾਇਨਾਤ ਰਹਿ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ ਜਿੰਨਾਂ ਬਾਰੇ ਅਰਣਬ ਗੋਸਵਾਮੀ ਗੁਪਤ ਸੂਚਨਾਵਾਂ ਲੀਕ ਕਰ ਰਿਹਾ ਸੀ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਰਣਬ ਗੋਸਵਾਮੀ ਨੂੰ ਅਜਿਹੀਆਂ ਗੁਪਤ ਸੂਚਨਾਵਾਂ ਪ੍ਰਧਾਨ ਮੰਤਰੀ ਦਫ਼ਤਰ ਜਾਂ ਰੱਖਿਆ ਮੰਤਰਾਲੇ ਤੋਂ ਹੀ ਕਿਸੇ ਨੇ ਲੀਕ ਕੀਤੀਆਂ ਹੋ ਸਕਦੀਆਂ ਹਨ। ਉਨਾਂ ਨੇ ਕਿਹਾ ਕਿ ਅਜਿਹੇ ਤੱਤਾਂ ਦੀ ਪਹਿਚਾਣ ਕਰਕੇ ਉਨਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਵਰਤਾਰਾ ਦੇਸ਼ ਦੀ ਸੁਰੱਖਿਆ ਲਈ ਵੱਡੀ ਚੁਣੌਤੀ ਹੈ। ਉਨਾਂ ਨੇ ਕਿਹਾ ਕਿ ਭਵਿੱਖ ਵਿਚ ਅਜਿਹੇ ਕਿਸੇ ਸੂਚਨਾ ਲੀਕ ਦੇ ਖਤਰੇ ਨੂੰ ਟਾਲਣ ਲਈ ਲਾਜਮੀ ਹੈ ਕਿ ਇਸ ਕਾਂਡ ਵਿਚ ਸ਼ਾਮਿਲ ਲੋਕਾਂ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
ਜਾਖੜ ਨੇ ਕਿਹਾ ਕਿ ਬਾਲਾਕੋਟ ਸਟ੍ਰਾਈਕ ਤੋਂ ਪਹਿਲਾਂ ਗੋਸਵਾਮੀ ਵੱਲੋਂ ਆਪਣੇ ਦੋਸਤ ਨਾਲ ਸਾਂਝੀ ਕੀਤੀ ਸੂਚਨਾ ਜੇਕਰ ਪਾਕਿਸਤਾਨ ਨੂੰ ਮਿਲ ਜਾਂਦੀ ਤਾਂ ਇਸ ਨਾਲ ਪੂਰਾ ਆਪ੍ਰੇਸ਼ਨ ਫੇਲ ਹੋ ਸਕਦਾ ਸੀ ਅਤੇ ਸਾਡੇ ਜਵਾਨਾਂ ਦੀ ਜਾਨ ਨੂੰ ਵੱਡਾ ਖਤਰਾ ਹੋ ਸਕਦਾ ਸੀ।
ਉਨਾਂ ਨੇ ਮੋਦੀ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਸਾਂਤੀਪੂਰਨ ਤਰੀਕੇ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਐਨਆਈਂਏ ਦੇ ਨੋਟਿਸ ਭੇਜਣ ਦੀ ਬਜਾਏ ਅਰਣਬ ਗੋਸਵਾਮੀ ਨੂੰ ਸੰਮਨ ਕਰਕੇ ਤੁਰੰਤ ਬੁਲਾਇਆ ਜਾਵੇ। ਉਨਾਂ ਨੇ ਕਿਹਾ ਕਿ ਅਰਣਬ ਗੋਸਵਾਮੀ ਦੀ ਇਕ ਚੈਟ ਤੋਂ ਬਿਨਾਂ ਵੀ ਉਸਨੇ ਹੋਰ ਪਤਾ ਨਹੀਂ ਕਿੰਨੀਆਂ ਸੂਚਨਾਵਾਂ ਲੀਕ ਕੀਤੀਆਂ ਹੋਣਗੀਆਂ। ਉਨਾਂ ਨੇ ਕਿਹਾ ਕਿ ਅਰਣਬ ਗੋਸਵਾਮੀ ਦੋਹਰੀ ਭੁਮਿਕਾ ਵੀ ਨਿਭਾਅ ਰਿਹਾ ਹੋ ਸਕਦਾ ਹੈ ਕਿਉਂਕਿ ਪੁਲਵਾਮਾ ਹਮਲੇ ਤੋਂ ਤੁਰੰਤ ਬਾਅਦ ਸਭ ਤੋਂ ਪਹਿਲਾਂ ਜਾਣਕਾਰੀ ਹੋਣਾ ਸੱਕ ਪੈਦਾ ਕਰਦਾ ਹੈ ਕਿ ਉਸਨੂੰ ਕਿਵੇਂ ਪਤਾ ਸੀ ਕਿ ਪਾਕਿਸਤਾਨ ਕੀ ਕਰਨ ਵਾਲਾ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਅਰਣਬ ਗੋਸਵਾਮੀ ਖਿਲਾਫ ਕਾਰਵਾਈ ਕਰਨ ਦੀ ਬਜਾਏ ਸਾਂਤੀਪੂਰਨ ਤੇ ਲੋਕਤਾਂਤਰਿਕ ਤਰੀਕੇ ਨਾਲ ਅੰਦੋਲਣ ਕਰ ਰਹੇ ਕਿਸਾਨਾਂ ਤੇ ਆਪਣੀ ਭੜਾਸ ਕੱਢ ਰਹੀ ਹੈ। ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਇਹ ਕਰਵਾਈ ਦਸੱਦੀ ਹੈ ਕਿ ਭਾਜਪਾ ਸਰਕਾਰ ਕਿਸ ਕਦਰ ਨੈਤਿਕ ਤੌਰ ਤੇ ਦਿਵਾਲੀਆਂ ਹੋ ਚੁੱਕੀ ਹੈ।