ਚੰਡੀਗੜ੍ਹ: ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਸੁਤੰਤਰ ਤੇ ਨਿਰਪੱਖ ਕਰਾਉਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਇਕ ਵਫ਼ਦ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ ’ਚ ਰਾਜ ਚੋਣ ਕਮਿਸ਼ਨਰ ਪੰਜਾਬ ਜਗਪਾਲ ਸਿੰਘ ਸੰਧੂ ਨੂੰ ਮਿਲਿਆ। ਵਫ਼ਦ ’ਚ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਅਮਰਜੀਤ ਸਿੰਘ ਸੰਦੋਆ, ਅਤੇ ਮਾਸਟਰ ਬਲਦੇਵ ਸਿੰਘ ਜੈਤੋ ਸ਼ਾਮਲ ਸਨ। ‘ਆਪ’ ਵਿਧਾਇਕਾਂ ਨੇ ਰਾਜ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਕਿ ਚੋਣ ਖੇਤਰਾਂ ਨਾਲ ਸਬੰਧ ਸਮੂਹ ਵੋਟਰਾਂ, ਚੋਣਾਂ ਲੜਨ ਵਾਲੇ ਉਮੀਦਵਾਰਾਂ ਅਤੇ ਲੋਕਾਂ ਵਿੱਚ ਇਹ ਡਰ ਪਾਇਆ ਜਾ ਰਿਹਾ ਹੈ ਕਿ ਸੱਤਾਧਾਰੀ ਪਾਰਟੀ ਚੋਣਾਂ ਜਿੱਤਣ ਦੇ ਲਈ ਸਰਕਾਰੀ ਸਾਧਨਾਂ ਦੀ ਵਰਤੋਂ ਕਰਦੀ ਹੋਈ ਆਪਣੀ ਜਿੱਤ ਦੇ ਲਈ ਹਰ ਹੱਥਕੰਢੇ ਵਰਤਦੇ ਹੋਏ ਡਰਾ ਧਮਾਕੇ ਜਾਂ ਫਿਰ ਕੋਈ ਲਾਲਚ ਦੇ ਕੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦੀ ਹੈ, ਇਸ ਲਈ ਲੰਬੇ ਸਮੇਂ ਤੋਂ ਇਕ ਸਥਾਨ ਉੱਤੇ ਤੈਨਾਤ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੇ ਤਬਦਲੇ ਕੀਤੇ ਜਾਣ।
ਇਹ ਵੀ ਸ਼ੰਕਾ ਹੈ ਕਿ ਜਿਵੇਂ ਪਹਿਲਾਂ ਸੱਤਾਧਾਰੀ ਪਾਰਟੀਆਂ ਬੂਥ ਉੱਤੇ ਕਬਜ਼ੇ ਕਰਕੇ ਆਪਣੇ ਉਮੀਦਵਾਰਾਂ ਲਈ ਵੋਟਾਂ ਪਾਉਂਦੇ ਸਨ, ਇਸ ਵਾਰ ਵੀ ਕਾਂਗਰਸੀ ਪਾਰਟੀ ਦੇ ਆਗੂ ਕਰ ਸਕਦੇ ਹਨ। ‘ਆਪ’ ਵਿਧਾਇਕਾਂ ਨੇ ਮੰਗ ਕੀਤੀ ਕਿ ਸੂਬੇ ਭਰ ’ਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਹੋਣ ਵਾਲੀਆਂ ਚੋਣਾਂ ਵਿੱਚ ਪੈਰਾ ਮਿਲਟਰੀ ਫੋਰਸ ਤੈਨਾਤ ਕੀਤੀ ਜਾਵੇ ਤਾਂ ਜੋ ਕਿ ਬਿਨਾਂ ਕਿਸੇ ਭੈਅ ਦੇ ਸੁਤੰਤਰ ਤੇ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ। ਵਫਦ ਵਿੱਚ ਸ਼ਾਮਲ ਵਿਧਾਇਕਾਂ ਨੇ ਕਿਹਾ ਕਿ ਚੋਣ ਪ੍ਰਕਿਰਿਆ ਸਬੰਧੀ 14 ਫਰਵਰੀ ਨੂੰ ਵੋਟਾਂ ਪਾਉਣ ਅਤੇ ਨਤੀਜਿਆਂ ਦੀ ਮਿਤੀ 17 ਫਰਵਰੀ ਐਲਾਨੀ ਗਈ ਹੈ।
ਵੋਟਾਂ ਪੈਣ ਤੇ ਨਤੀਜਿਆਂ ਵਿੱਚ 2 ਦਿਨਾਂ ਦੇ ਫਾਸਲੇ ਵਿੱਚ ਸੱਤਾਧਾਰੀ ਪਾਰਟੀ ਵੋਟਾਂ ਨਾਲ ਗੜਬੜ ਕਰਕੇ ਫੈਸਲਾ ਆਪਣੇ ਹੱਕ ਵਿੱਚ ਕਰ ਸਕਦੀ ਹੈ। ਇਨਾਂ ਚੋਣਾਂ ’ਚ ਹਰ ਵਰਡ ਵਿੱਚ ਵੋਟਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਨਹੀਂ ਹੁੰਦੀ। ਉਨਾਂ ਕਿਹਾ ਕਿ ਪਹਿਲਾਂ ਜਦੋਂ ਵੀ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਜਾਂਦੀਆਂ ਸਨ ਤਾਂ ਉਸੇ ਦਿਨ ਹੀ ਨਤੀਜੇ ਐਲਾਨੇ ਜਾਂਦੇ ਸਨ, ਇਸ ਵਾਰ ਵੀ ਪਹਿਲਾਂ ਵਾਂਗ ਹੀ ਉਸੇ ਦਿਨ ਵੋਟਾਂ ਦੀ ਗਿਣਤੀ ਕਰਵਾਈ ਜਾਵੇ ਅਤੇ ਨਤੀਜੇ ਐਲਾਨੇ ਜਾਣ। ਉਨਾਂ ਕਿਹਾ ਕਿ ਹਰ ਵਾਰਡ ਵਿੱਚ ਕਰੀਬ 4 ਹਜ਼ਾਰ ਵੋਟ ਹੁੰਦੀ ਹੈ ਐਨੀਆਂ ਕਿ ਕੁ ਵੋਟਾਂ ਦੀ ਗਿਣਤੀ ਈਵੀਐਮ ਦੇ ਰਾਹੀਂ ਕਰਨਾ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ। ਵੋਟਾਂ ਦੀ ਗਿਣਤੀ ਉਸੇ ਦਿਨ ਹੀ ਕਰਵਾਈ ਜਾਵੇ ਤਾਂ ਜੋ ਲੋਕਾਂ ਵੋਟਾਂ ਦੇ ਨਾਲ ਹੋਣ ਵਾਲੀ ਗੜਬੜ ਤੋਂ ਬਚਿਆ ਜਾ ਸਕੇ। ਇਸ ਮੌਕੇ ਨੀਲ ਗਰਗ, ਗੋਵਿੰਦਰ ਮਿੱਤਲ, ਗੈਰੀ ਬੜਿੰਗ, ਗੋਲਡੀ ਕੰਬੋਜ ਵੀ ਸ਼ਾਮਲ ਸਨ।