ਵਾਸ਼ਿੰਗਟਨ: ਅਮਰੀਕਾ ਦੀ ਸੰਸਦ ਕੈਪੀਟਲ ਹਿੱਲ ‘ਚ ਹਿੰਸਾ ਤੋਂ ਬਾਅਦ ਯੂਐਸ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਪਹਿਲੀ ਵਾਰ ਮੁਲਾਕਾਤ ਕੀਤੀ ਹੈ। ਟਰੰਪ ਪ੍ਰਸ਼ਾਸਨ ਦੇ ਅਨੁਸਾਰ ਦੋਹਾਂ ਨੇਤਾਵਾਂ ਵਿਚਾਲੇ ‘ਚੰਗੀ ਗੱਲਬਾਤ’ ਹੋਈ।
ਇਸ ਤੋਂ ਇਲਾਵਾ ਟਰੰਪ ਨੇ ਦੇਸ਼ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ‘ਚ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਤੱਕ ਸੰਕਟਕਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟਰੰਪ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਰਾਸ਼ਟਰਪਤੀ ਟਰੰਪ ‘ਤੇ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਦੇ ਦਫਤਰ ਤੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ 59ਵੇਂ ਰਾਸ਼ਟਰਪਤੀ ਦੇ ਉਦਘਾਟਨ ਪ੍ਰੋਗਰਾਮ ਦੇ ਮੱਦੇਨਜ਼ਰ 11 ਜਨਵਰੀ ਤੋਂ 24 ਜਨਵਰੀ ਤੱਕ ਐਮਰਜੈਂਸੀ ਸਥਿਤੀ ਬਣੇਗੀ।
ਡੈਮੋਕਰੇਟਿਕ ਪਾਰਟੀ ਦੇ ਨੇਤਾਵਾਂ ਨੇ ਪੈਂਸ ਨੂੰ ਕਿਹਾ ਉਹ ਟਰੰਪ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ। ਅਮਰੀਕੀ ਸੁਰੱਖਿਆ ਅਧਿਕਾਰੀ ਮਹਿਸੂਸ ਕਰਦੇ ਹਨ ਕਿ ਬਾਇਡਨ ਦੇ ਸਹੁੰ-ਚੁੱਕ ਸਮਾਰੋਹ ਦੌਰਾਨ ਵੀ ਅਮਰੀਕਾ ‘ਚ ਹਿੰਸਾ ਫੈਲ ਸਕਦੀ ਹੈ। ਵਾਸ਼ਿੰਗਟਨ, ਜਾਰਜੀਆ, ਕੰਸਾਸ, ਓਹੀਓ, ਮਿਸ਼ੀਗਨ, ਕੈਲੀਫੋਰਨੀਆ, ਕੋਲੋਰਾਡੋ, ਯੂਟਾਹ, ਵੋਮਿੰਗ ਤੇ ਟੈਕਸਾਸ ਵਰਗੇ ਰਾਜਾਂ ‘ਚ ਨਿਗਰਾਨੀ ਵਧਾ ਦਿੱਤੀ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ, ਕੈਪੀਟਲ ਹਿੱਲ ਦੇ ਦੁਆਲੇ 20 ਫੁੱਟ ਉੱਚਾ ਸਟੀਲ ਦਾ ਜਾਲ ਲਗਾਇਆ ਜਾ ਰਿਹਾ ਹੈ।