ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਵਿੱਚ ਅਧਿਆਪਕ ਵਜੋਂ ਭਰਤੀ ਹੋਏ 46 ਨਵੇਂ ਸਟਾਫ ਮੈਂਬਰਾਂ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਦੌਰਾ ਕੀਤਾ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਹ ਅਧਿਆਪਕ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਤੋਂ ਇਲਾਵਾ ਕਿ੍ਰਸ਼ੀ ਵਿਗਿਆਨ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰਾਂ ਵਿਖੇ ਨਿਯੁਕਤ ਹਨ। ਇਹ ਸਾਰੇ ਅਮਲਾ ਮੈਂਬਰ ਦਸ ਰੋਜ਼ਾ ਓਰੀਐਂਟੇਸ਼ਨ ਕੋਰਸ ਵਿੱਚ ਹਿੱਸਾ ਲੈ ਰਹੇ ਹਨ। ਇਸੇ ਸਿਲਸਿਲੇ ਵਿੱਚ ਪਸਾਰ ਅਤੇ ਸਿਖਲਾਈ ਗਤੀਵਿਧੀਆਂ ਦੀ ਜਾਣਕਾਰੀ ਲੈਣ ਲਈ ਇਹ ਅਧਿਆਪਕ ਸੈਂਟਰ ਵਿਖੇ ਆਏ। ਡਾ. ਰਿਆੜ ਨੇ ਇਹਨਾਂ ਅਧਿਆਪਕਾਂ ਦਾ ਸਵਾਗਤ ਕਰਦਿਆਂ ਸੈਂਟਰ ਵੱਲੋਂ ਪੇਂਡੂ ਨੌਜਵਾਨਾਂ ਅਤੇ ਸੁਆਣੀਆਂ ਨੂੰ ਕਿੱਤਾ ਮੁਹਾਰਤ ਨਾਲ ਜੋੜਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਪੇਂਡੂ ਨੌਜਵਾਨਾਂ ਨੂੰ ਸੂਚਨਾ, ਤਕਨਾਲੋਜੀ ਅਤੇ ਵਿਕਸਿਤ ਖੇਤੀ ਤਰੀਕਿਆਂ ਤੋਂ ਜਾਣੂੰ ਕਰਵਾਉਣ ਦੀ ਲੋੜ ਤੇ ਜ਼ੋਰ ਦਿੱਤਾ। ਡਾ. ਕਿਰਨ ਗਰੋਵਰ ਨੇ ਇਹਨਾਂ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਪੇਂਡੂ ਲੋਕ : ਲੋੜ ਅਤੇ ਸੰਭਾਵਨਾਵਾਂ ਵਿਸ਼ੇ ਤੇ ਆਪਣਾ ਭਾਸ਼ਣ ਦਿੱਤਾ। ਉਹਨਾਂ ਨੇ ਪਸਾਰ ਮਾਹਿਰਾਂ ਵੱਲੋਂ ਖੇਤੀ ਸਿਖਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸੰਖੇਪ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਹਨਾਂ ਨੇ ਸੈਂਟਰ ਵਿਖੇ ਉਦਮ ਅਤੇ ਉਡਾਨ ਨਾਂ ਦੇ ਦੋ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਜੋ ਪਾਬੀ ਦੀ ਸਹਾਇਤਾ ਨਾਲ ਚਲਾਏ ਜਾ ਰਹੇ ਹਨ। ਇਹਨਾਂ ਪ੍ਰੋਗਰਾਮਾਂ ਦਾ ਉਦੇਸ਼ ਪੰਜਾਬ ਦੇ ਲੋਕਾਂ ਨੂੰ ਖੇਤੀ ਕਾਰੋਬਾਰੀ ਸਿਖਲਾਈ ਨਾਲ ਲੈਸ ਕਰਕੇ ਉਹਨਾਂ ਦੀ ਆਮਦਨ ਵਿੱਚ ਜ਼ਿਕਰਯੋਗ ਵਾਧਾ ਕਰਨਾ ਹੈ।