ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵੈਕਸੀਨੇਸ਼ਨ ਤੋਂ ਪਹਿਲਾਂ ਅੱਜ ਸਭ ਤੋਂ ਵੱਡੀ ਰਿਹਰਸਲ ਕੀਤੀ ਜਾਵੇਗੀ ਦੇਸ਼ ਦੇ ਸਾਰੇ 736 ਜ਼ਿਲ੍ਹਿਆਂ ਵਿੱਚ ਟੀਕਾਕਰਨ ਦਾ ਅਭਿਆਸ ਕੀਤਾ ਜਾਵੇਗਾ। ਇਸ ਨੂੰ ਲੈ ਕੇ ਦੇਸ਼ ਦੇ ਸਾਰੇ ਸੂਬਿਆਂ ਵਿੱਚ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਹਰਿਆਣਾ ਹਿਮਾਚਲ ਅਤੇ ਅਰੁਣਾਚਲ ਪ੍ਰਦੇਸ਼ ਨੂੰ ਛੱਡ ਕੇ ਦੇਸ਼ ਦੇ ਬਾਕੀ ਸੂਬਿਆਂ ਵਿਚ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿੱਚ ਕੋਰੋਨਾ ਵੈਕਸੀਨ ਦਾ ਦੂਸਰਾ ਡਰਾਈ ਸ਼ੁਰੂ ਹੋ ਰਿਹਾ ਹੈ। ਇਸ ਅਭਿਆਸ ਦੇ ਤਹਿਤ ਇਸ ਗੱਲ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਕਿਵੇਂ ਕੋਰੋਨਾ ਵੈਕਸੀਨ ਲਗਾਉਣੀ ਹੈ ਅਤੇ ਉਸ ਦੀ ਪ੍ਰਕਿਰਿਆ ਕੀ ਹੋਵੇਗੀ।
ਕੇਂਦਰੀ ਸਿਹਤ ਮੰਤਰੀ ਡਾ.ਹਰਸ਼ ਵਰਧਨ ਵੀ ਕੋਰੋਨਾ ਵੈਕਸੀਨ ਦਾ ਡਰਾਈ ਰਨ ਦੇਖਣ ਲਈ ਚੇਨੱਈ ਪਹੁੰਚ ਗਏ ਹਨ। ਡਾ.ਹਰਸ਼ ਵਰਧਨ ਨੇ ਇੱਥੇ ਰਾਜੀਵ ਗਾਂਧੀ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਅਤੇ ਸਾਰੀ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਹਰਸ਼ ਵਰਧਨ ਨੇ ਕਿਹਾ ਕਿ ਘੱਟ ਸਮੇਂ ਵਿੱਚ ਭਾਰਤ ਨੇ ਟੀਕੇ ਦਾ ਵਿਕਾਸ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ। ਹਰਸ਼ ਵਰਧਨ ਨੇ ਕਿਹਾ ਕਿ ਅਸੀਂ ਉਮੀਦ ਲਗਾ ਰਹੇ ਹਾਂ ਕਿ ਅਗਲੇ ਕੁਝ ਦਿਨਾਂ ਵਿੱਚ ਦੇਸ਼ ਵਾਸੀਆਂ ਨੂੰ ਟੀਕਾ ਲਗਾ ਦਿੱਤਾ ਜਾਵੇਗਾ।