ਸਰੀ: ਕੈਨੇਡਾ ਦੇ ਨਾਮੀ ਗੈਂਗਸਟਰ ਗੈਰੀ ਕੰਗ ਦਾ ਸਰੀ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ 24 ਸਾਲਾ ਗੈਰੀ ਕੰਗ ਨੂੰ ਬੀਤੇ ਦਿਨੀਂ ਸਵੇਰੇ ਪੰਜ ਵਜੇ ਸਰੀ ਦੇ ਮੌਰਗਨ ਕੀਕ ਇਲਾਕੇ ਵਿਚ 30ਵੇਂ ਐਵੇਨਿਊ ਦੇ 16000 ਬਲਾਕ ਵਿਖੇ ਸਥਿਤ ਉਸ ਦੇ ਘਰ ‘ਚ ਗੋਲੀ ਮਾਰੀ ਗਈ।
ਦੱਸਣਯੋਗ ਹੈ ਕਿ ਪਿਛਲੇ ਮਹੀਨੇ ਹੀ ਗੈਰੀ ਕੰਗ ਨੇ ਬੀ.ਸੀ. ਦੀ ਸੁਪਰੀਮ ਕੋਰਟ ‘ਚ ਆਪਣੇ ਖਿਲਾਫ ਲੱਗੇ ਕਈ ਦੋਸ਼ ਕਬੂਲੇ ਸਨ ਅਤੇ ਅਦਾਲਤ ਵੱਲੋਂ ਸਜ਼ਾ ਦਾ ਐਲਾਨ ਕੀਤਾ ਜਾਣਾ ਬਾਕੀ ਸੀ ਪਰ ਜ਼ਮਾਨਤ ‘ਤੇ ਬਾਹਰ ਆਇਆ ਗੈਰੀ ਮੌਤ ਦਾ ਸ਼ਿਕਾਰ ਹੋ ਗਿਆ। ਗੈਰੀ ਕੰਗ ਦਾ ਭਰਾ ਸੈਮ ਕੰਗ ਫ਼ਿਲਹਾਲ ਪੁਲਿਸ ਹਿਰਾਸਤ ‘ਚ ਹੈ ਜਦਕਿ ਉਸ ਦੇ ਵੱਡੇ ਭਰਾ ਰਣਦੀਪ ਕੰਗ ਦਾ ਅਕਤੂਬਰ 2017 ‘ਚ ਕਤਲ ਕਰ ਦਿੱਤਾ ਗਿਆ ਸੀ। ਕੰਗ ਭਰਾ ਰੈਡ ਸਕੌਰਪੀਅਨ ਗੈਂਗ ਨਾਲ ਮਿਲੇ ਹੋਏ ਹਨ, ਜਿਨ੍ਹਾਂ ਦੀ ਦੁਸ਼ਮਣੀ ਗਰੇਵਾਲ ਬ੍ਰਦਰਜ਼ ਕੀਪਰਜ਼ ਨਾਲ ਦੱਸੀ ਜਾ ਰਹੀ ਹੈ।
ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਫ਼ਰੈਂਕ ਜੈਂਗ ਨੇ ਜਾਣਕਾਰੀ ਦੱਸਿਆ ਕਿ ਗੈਰੀ ਕੰਗ ਦੇ ਕਤਲ ਤੋਂ 40 ਮਿੰਟ ਬਾਅਦ ਲੈਂਗਲੀ ਵਿਖੇ ਇਕ ਸੜਦੀ ਹੋਈ ਗੱਡੀ ਮਿਲੀ। ਉਨ੍ਹਾਂ ਕਿਹਾ ਕਿ ਫ਼ਿਲਹਾਲ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਸੇ ਗੱਡੀ ਦੀ ਵਰਤੋਂ ਗੈਰੀ ਕੰਗ ਦਾ ਕਤਲ ਕਰਨ ਲਈ ਕੀਤੀ ਗਈ ਪਰ ਇਸ ਸਬੰਧੀ ਜਾਂਚ ਚੱਲ ਰਹੀ ਹੈ।
ਫ਼ਰੈਂਕ ਜੈਂਗ ਨੇ ਕਿਹਾ ਕਿ ਗੈਰੀ ਕੰਗ ਦਾ ਕਤਲ ਲੋਅਰ ਮੇਨਲੈਂਡ ਵਿਖੇ ਚੱਲ ਰਹੇ ਖੂਨੀ ਟਕਰਾਅ ਦਾ ਹੀ ਨਤੀਜਾ ਹੈ। ਉਨ੍ਹਾਂ ਕਿਹਾ ਲੋਕਾਂ ਨੂੰ ਅਪੀਲ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸਾਂਝੀ ਕੀਤੀ ਜਾਵੇ।