ਲੰਦਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਹੈ। ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਸੱਦਾ ਭੇਜਿਆ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਬੋਰਿਸ ਜੌਹਨਸਨ ਨੇ ਆਪਣਾ ਦੌਰਾ ਕੋਰੋਨਾ ਵਾਇਰਸ ਕਾਰਨ ਰੱਦ ਕੀਤਾ ਹੈ। ਬ੍ਰਿਟੇਨ ‘ਚ ਕੋਰੋਨਾਵਾਇਰਸ ਦਾ ਨਵਾਂ ਸਟ੍ਰੇਨ ਪਾਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਜੌਹਨਸਨ ਨੇ ਭਾਰਤ ਨਾ ਆਉਣ ਦੀ ਸਥਿਤੀ ਸਾਫ ਕੀਤੀ ਹੈ।
ਬ੍ਰਿਟੇਨ ‘ਚ ਨਵੇ ਕੋਰੋਨਾਵਾਇਰਸ ਦੇ ਸਟ੍ਰੇਨ ਦੇਖੇ ਜਾਣ ਤੋਂ ਬਾਅਦ ਇੱਥੇ ਸਖ਼ਤ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਹ ਲੌਕਡਾਊਨ ਮੱਧ ਫਰਵਰੀ ਮਹੀਨੇ ਤੱਕ ਜਾਰੀ ਰਹੇਗਾ। ਮੰਗਲਵਾਰ ਨੂੰ ਹੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਸੀ ਕਿ ਦੇਸ਼ ਅੰਦਰ ਕੋਰੋਨਾ ਵਾਇਰਸ ਦਾ ਪ੍ਰਸਾਰ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਬਹੁਤ ਦੁਖੀਦਾਈ ਅਤੇ ਚਿੰਤਾਜਨਕ ਹੈ ਫਿਲਹਾਲ ਦੇਸ਼ ਦੇ ਹਸਪਤਾਲਾਂ ‘ਚ ਮਹਾਂਮਾਰੀ ਦਾ ਸਭ ਤੋਂ ਜ਼ਿਆਦਾ ਦਬਾਅ ਹੈ।
ਦੂਜੇ ਪਾਸੇ ਭਾਰਤ ਵਿੱਚ ਕਿਸਾਨਾਂ ਦਾ ਦਿੱਲੀ ਵਿੱਚ ਅੰਦੋਲਨ ਚੱਲ ਰਿਹਾ ਹੈ। ਕਿਸਾਨ ਪਹਿਲਾਂ ਹੀ ਮੰਗ ਕਰ ਰਹੇ ਸਨ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਤੇ ਕਿਸਾਨੀ ਨਾਲ ਜੁੜੇ ਲੋਕ ਇਹ ਆਵਾਜ਼ ਉਠਾਉਣ ਕੇ ਪੀਐਮ ਬੋਰਿਸ ਜੌਨਸਨ ਭਾਰਤ ਨਾ ਆਉਣ। ਇਸ ਤੋਂ ਇਲਾਵਾ ਕਿਸਾਨਾਂ ਨੇ ਹਰ ਦੇਸ਼ ਵਿੱਚ ਰਹਿੰਦੇ ਪੰਜਾਬੀਆਂ ਨੂੰ ਕਿਹਾ ਸੀ ਆਪੋ ਆਪਣੀਆਂ ਅੰਬੈਸੀਆਂ ਅੱਗੇ ਧਰਨੇ ਪ੍ਰਦਰਸ਼ਨ ਕੀਤੇ ਜਾਣ।