ਚੰਡੀਗੜ੍ਹ: ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਦੇਸ਼ ਵਿਚ ਅੰਦੋਲਨ ਚੱਲ ਰਹੇ ਹਨ ਤਾਂ ਪੰਜਾਬ ਵਿੱਚ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਪੰਜਾਬ ਦੇ ਅੰਦਰ ਰਿਲਾਇੰਸ ਜੀਓ ਦੇ 1500 ਤੋਂ ਵੱਧ ਟਾਵਰ ਬੰਦ ਕਰ ਦਿੱਤੇ ਗਏ ਹਨ। ਜਿਸ ਨੂੰ ਲੈ ਕੇ ਰਿਲਾਇੰਸ ਜੀਓ ਕੰਪਨੀ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਹੈ।
ਪੰਜਾਬ ਹਰਿਆਣਾ ਹਾਈਕੋਰਟ ‘ਚ ਰਿਲਾਇੰਸ ਜੀਓ ਵੱਲੋਂ ਪਟੀਸ਼ਨ ਪਾਈ ਗਈ ਹੈ ਜਿਸ ‘ਤੇ ਅੱਜ ਸੁਣਵਾਈ ਹੋਵੇਗੀ। ਇਸ ਪਟੀਸ਼ਨ ਵਿੱਚ ਜੀਓ ਵੱਲੋਂ ਪੰਜਾਬ ਵਿੱਚ ਟਾਵਰ ਬੰਦ ਕੀਤੇ ਜਾਣ ਅਤੇ ਟਾਵਰਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੇ ਮਾਮਲੇ ‘ਚ ਸੁਰੱਖਿਆ ਨੂੰ ਲੈ ਕੇ ਹਾਈਕੋਰਟ ਦਾ ਦਰਵਾਜਾ ਖਟਖਟਾਇਆ ਗਿਆ ਹੈ।
ਹਾਈਕੋਰਟ ਜਾਣ ਤੋਂ ਪਹਿਲਾਂ ਰਿਲਾਇੰਸ ਜੀਓ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਦਿਨਕਰ ਗੁਪਤਾ ਨੂੰ ਲਿਖਤੀ ਤੌਰ ‘ਤੇ ਮੰਗ ਕੀਤੀ ਸੀ ਕਿ ਉਹ ਜੀਓ ਟਾਵਰ ਮਾਮਲੇ ਵਿੱਚ ਦਖ਼ਲ ਦੇਣ।
ਇਸ ਤੋਂ ਇਲਾਵਾ ਰਿਲਾਇੰਸ ਜੀਓ ਨੇ ਅਧਿਕਾਰਿਕ ਬਿਆਨ ਜਾਰੀ ਕਰਦੇ ਹੋਏ ਕਿਹਾ ਸੀ ਕਿ ਸਾਡਾ ਕਾਨਟ੍ਰੈਕਟ ਫਾਰਮਿੰਗ ਨਾਲ ਕੋਈ ਵੀ ਸਬੰਧ ਨਹੀਂ ਹੈ ਅਤੇ ਨਾ ਹੀ ਭਵਿੱਖ ਵਿੱਚ ਕੰਪਨੀ ਦਾ ਕਾਨਟ੍ਰੈਕਟ ਫਾਰਮਿੰਗ ਨੂੰ ਲੈ ਕੇ ਆਉਣ ਦਾ ਵਿਚਾਰ ਹੈ। ਕਿਸਾਨ ਅੰਨਦਾਤਾ ਹੈ ਅਤੇ ਦੇਸ਼ ਦਾ ਢਿੱਡ ਭਰਦਾ ਹੈ ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ।