ਵਰਲਡ ਡੈਸਕ – ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ‘ਚ ਰਹਿੰਦੇ ਇਕ ਭਾਰਤੀ ਪ੍ਰਵਾਸੀ ਨੇ 8.2 ਵਰਗ ਮੀਟਰ ਦਾ ਇਕ ਵਿਸ਼ਾਲ ਪੌਪ-ਅਪ ਗ੍ਰੀਟਿੰਗ ਕਾਰਡ ਬਣਾ ਕੇ 19ਵੀਂ ਵਾਰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ‘ਚ ਆਪਣਾ ਨਾਮ ਦਰਜ ਕਰਾ ਦਿੱਤਾ ਹੈ। ਉਸਨੇ ਇਹ ਗ੍ਰੀਟਿੰਗ ਕਾਰਡ ਯੂਏਈ ਦੇ ਪ੍ਰਧਾਨ ਮੰਤਰੀ, ਉਪ ਰਾਸ਼ਟਰਪਤੀ ਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਮਕਤੂਮ ਦੇ ਅਹੁਦੇ ਸੰਭਾਲਣ ਦੀ 15ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਬਣਾਇਆ ਹੈ।
ਦੱਸ ਦਈਏ ਰਾਮਕੁਮਾਰ ਸਾਰੰਗਪਾਨੀ ਹੁਣ ਯੂਏਈ ਤੇ ਭਾਰਤ ‘ਚ ਸਭ ਤੋਂ ਜ਼ਿਆਦਾ ਰਿਕਾਰਡ ਬਣਾਉਣ ਵਾਲੇ ਇਕੱਲੇ ਹੀ ਵਿਅਕਤੀ ਹੈ। ਰਾਮਕੁਮਾਰ ਦਾ ਪੌਪ ਅਪ ਗ੍ਰੀਟਿੰਗ ਕਾਰਡ ਆਮ ਪੌਪ-ਅਪ ਕਾਰਡ ਨਾਲੋਂ 100 ਗੁਣਾ ਵੱਡਾ ਹੁੰਦਾ ਹੈ। ਇਸ ਪੌਪ-ਅਪ ਕਾਰਡ ਅੰਦਰ ਕਲਾਕਾਰ ਅਕਬਰ ਸਾਹਬ ਦੁਆਰਾ ਸ਼ੇਖ ਮੁਹੰਮਦ ਦੁਆਰਾ ਬਣਾਈ ਗਈ ਪੇਂਟਿੰਗਾਂ ਦਾ ਇੱਕ ਕੋਲਾਜ ਹੈ।
ਜਾਣਕਾਰੀ ਸਾਂਝੀ ਕਰਦਿਆ ਰਾਮਕੁਮਾਰ ਨੇ ਕਿਹਾ ਕਿ ਮੈਂ ਪਿਛਲੇ ਛੇ ਮਹੀਨਿਆਂ ਤੋਂ ਇਸ ‘ਤੇ ਕੰਮ ਕਰ ਰਿਹਾ ਸੀ ਤੇ ਰਿਕਾਰਡ ਤੋੜਨ ਲਈ ਸਭ ਤੋਂ ਢੁਕਵੇਂ ਸਮੇਂ ਦੀ ਉਡੀਕ ਕਰ ਰਿਹਾ ਸੀ। ਰਾਮਕੁਮਾਰ ਨੇ ਦੱਸਿਆ ਪਿਛਲਾ ਰਿਕਾਰਡ ਹਾਂਗ ਕਾਂਗ ‘ਚ ਦਰਜ ਕੀਤਾ ਗਿਆ ਸੀ, ਜਿਸਦਾ ਪੌਪ-ਅਪ ਗ੍ਰੀਟਿੰਗ ਕਾਰਡ ਦਾ ਖੇਤਰ 6.729 ਵਰਗ ਮੀਟਰ ਸੀ ਤੇ ਇਸ ਕਾਰਡ ਦਾ ਖੇਤਰ 8.20 ਵਰਗ ਮੀਟਰ ਹੈ।