ਓਟਾਵਾ : ਟਰੂਡੋ ਸਰਕਾਰ ਨੇ ਬੁੱਧਵਾਰ ਨੂੰ ਨਵੇਂ ਆਵਾਜਾਈ ਨਿਯਮਾਂ ਦਾ ਐਲਾਨ ਕੀਤਾ ਗਿਆ ਸੀ ਜੋ ਕਿ 7 ਜਨਵਰੀ ਤੋਂ ਲਾਗੂ ਕੀਤੇ ਜਾਣਗੇ। ਇਸ ਦਾ ਐਲਾਨ ਟ੍ਰਾਂਸਪੋਰਟ ਮੰਤਰੀ ਮਾਰਕ ਗਾਰਨੋ ਨੇ ਕੀਤਾ ਹੈ। 7 ਜਨਵਰੀ ਤੋਂ ਸਿਰਫ਼ ਉਹੀ ਸ਼ਖਸ ਕੈਨੇਡਾ ਆਉਣ ਵਾਲੇ ਜਹਾਜ਼ ਵਿਚ ਸਵਾਰ ਹੋ ਸਕਣਗੇ ਜਿਨ੍ਹਾਂ ਕੋਲ ਕਰਨਾ ਟੈਸਟ ਦੀ ਨੈਗੇਟਿਵ ਰਿਪੋਰਟ ਹੋਵੇਗੀ। ਸਿਰਫ਼ ਪੰਜ ਸਾਲ ਤੱਕ ਦੇ ਬਚਿਆਂ ਨੂੰ ਨਵੇਂ ਨਿਯਮ ਤੋਂ ਛੋਟ ਦਿੱਤੀ ਗਈ ਹੈ।
ਜਹਾਜ਼ ਚੜ੍ਹਨ ਤੋਂ ਪਹਿਲਾਂ ਏਅਰਲਾਈਨ ਸਟਾਫ਼ ਨੂੰ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ ਅਤੇ ਇਸ ‘ਚ ਅਸਫ਼ਲ ਰਹਿਣ ਵਾਲੇ ਅੰਦਰ ਦਾਖ਼ਲ ਨਹੀਂ ਹੋ ਸਕਣਗੇ। ਦੂਜੇ ਪਾਸੇ ਜੇ ਕੋਈ ਇਹ ਗੱਲ ਸਾਬਤ ਕਰ ਦੇਵੇ ਕਿ ਕੋਰੋਨਾ ਟੈਸਟ ਕਰਵਾਉਣਾ ਸੰਭਵ ਨਹੀਂ ਸੀ, ਤਾਂ ਉਸ ਨੂੰ ਜਹਾਜ਼ ਚੜ੍ਹਨ ਦੀ ਇਜਾਜ਼ਤ ਮਿਲ ਜਾਵੇਗੀ ਪਰ ਕੈਨੇਡਾ ਆਉਣ ਤੋਂ ਬਾਅਦ ਫ਼ੈਡਰਲ ਸਰਕਾਰ ਵੱਲੋਂ ਤੈਅ ਕੀਤੀ ਗਈ ਜਗ੍ਹਾ ‘ਤੇ 14 ਦਿਨ ਇਕਾਂਤਵਾਸ ਵਿਚ ਰਹਿਣਾ ਹੋਵੇਗਾ।
ਮਾਰਕ ਗਾਰਨੋ ਨੇ ਕਿਹਾ ਕਿ ਕੌਮਾਂਤਰੀ ਅਤੇ ਘਰੇਲੂ ਏਅਰਲਾਈਨਜ਼ ਨੂੰ ਨਵੀਆਂ ਸ਼ਰਤਾਂ ਲਾਗੂ ਕਰਨ ਵਾਸਤੇ ਸੱਤ ਦਿਨ ਦਾ ਸਮਾਂ ਦਿਤਾ ਗਿਆ ਹੈ। ਦੂਜੇ ਪਾਸੇ ਕੈਨੇਡਾ ਦੇ ਨੈਸ਼ਨਲ ਏਅਰਲਾਈਨਜ਼ ਕੌਂਸਲ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਮਾਈਕ ਮੈਕਨੈਨੀ ਨੇ ਫੈਡਰਲ ਸਰਕਾਰ ਵੱਲੋਂ ਦਿੱਤੇ ਗਏ ਇਕ ਹਫ਼ਤੇ ਦੇ ਸਮੇਂ ਨੂੰ ਬਹੁਤ ਘੱਟ ਦੱਸਿਆ। ਉਨ੍ਹਾਂ ਕਿਹਾ ਕਿ ਇੰਨੇ ਘੱਟ ਸਮੇਂ ਵਿਚ ਗਾਈਲਾਈਨਜ਼ ਨੂੰ ਲਾਗੂ ਕਰਨਾ ਬਹੁਤ ਮੁਸ਼ਕਲ ਹੋਵੇਗਾ।