ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਵਿਚੋਂ ਉਠਕੇ ਦੇਸ ਭਰ ਵਿਚ ਫੈਲੇ ਕਿਸਾਨ ਤੇ ਲੋਕ ਮਾਰੂ ਕਾਲੇ ਕਾਨੂੰਨਾ ਵਿਰੁੱਧ ਅੰਦੋਲਨ ਕਰੀਬ ਇਕ ਮਹੀਨੇ ਤੋਂ ਦੇਸ਼ ਭਰ ਦੇ ਕਿਸਾਨਾ ਵੱਲੋਂ ਘੇਰੀ ਦਿੱਲੀ ਵਿਖੇ ਨਵਾਂ ਸਾਲ ਕਿਸਾਨਾ ਨਾਲ ਮਨਾਉਂਣ ਲਈ ਇਪਟਾ ਦੀ ਰਾਸ਼ਟਰੀ ਕਮੇਟੀ ਦੇ ਫੈਸਲੇ ਮੁਤਾਬਿਕ ਦੇ ਉਤਰੀ ਖੇਤਰ ਸੂਬਿਆਂ ਯੂ.ਪੀ, ਦਿੱਲੀ, ਪੰਜਾਬ, ਜੰਮੂ ਤੇ ਕਸ਼ਮੀਰ, ਚੰਡੀਗੜ੍ਹ ਤੇ ਰਾਜਸਥਾਨ ਦੇ ਕਾਰਕੁਨ, ਰੰਗਕਰਮੀ ਤੇ ਗਾਇਕ 31 ਦਸੰਬਰ ਨੂੰ ਸਿੰਘੂ ਅਤੇ ਟਿੱਕਰੀ ਬਾਰਡਰ ਜਾਕੇ ਕਿਸਾਨੀ ਅਤੇ ਲੋਕ-ਮਸਲਿਆਂ ਦੀ ਗੱਲ ਕਰਦੇ ਨੁਕੜ-ਨਾਟਕ ਤੇ ਗਾਇਕੀ ਪੇਸ਼ ਕਰਨਗੇ।
ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਤੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਦੱਸਿਆ ਕਿ ਲੋਕ-ਰੋਹ ਤਾਂ ਫੇਰ ਵੀ ਕਦੇ ਕਦਾਈ ਵੇਖਣ/ਸੁਣਨ ਨੂੰ ਮਿਲ ਜਾਂਦਾ ਹੈ ਪਰ ਲੋਕ-ਵਿਦਰੋਹ ਕਈ ਦਹਾਕਿਆਂ ਬਾਅਦ ਨਜ਼ਰੀਂ ਆਉਂਦਾ ਹੈ। ਲੋਕ-ਲਹਿਰ ਤਾਂ ਕਿਤੇ ਨਾ ਕਿਤੇ ਉਠ ਹੀ ਪੈਂਦੀ ਹੈ ਪਰ ਲੋਕ-ਕਹਿਰ ਦਾ ਭੁਚਾਲ ਸਦੀ ਵਿਚ ਇਕ ਅੱਧੀ ਵਾਰ ਵੀ ੳੁੱਠਦਾ ਹੈ।ਉਨਾਂ ਅੱਗੇ ਕਿਹਾ ਕਿ ਹਿੰਦੋਸਤਾਨ ਦੇ ਹਾਕਿਮ ਨੇ ਤਾਕਤ ਦੇ ਨਸ਼ੇ ਵਿਚ ਚੂਰ ਤੇ ਮਗ਼ਰੂਰ ਹੋ ਕੇ ਧੱਕੇਸ਼ਾਹਆਂ, ਵਧੀਕੀਆਂ ਤੇ ਆਪਹੁਦਰੀਆਂ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਹੈ।ਖੇਤੀ ਦੇ ਧੰਦੇ ਨੂੰ ਤਬਾਹ ਤੇ ਬਰਬਾਦ ਕਰਨ ਵਾਲੇ ਤਿੰਨੇ ਕਾਲੇ ਕਾਨੂੰਨ ਵੀ ਇਸੇ ਕੜੀ ਦਾ ਹਿੱਸਾ ਹਨ।