ਹਰਿਆਣਾ: ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ਤੋਂ ਬਾਅਦ ਹੁਣ ਹਰਿਆਣਾ ਵਿੱਚ ਵੀ ਨੈਸ਼ਨਲ ਹਾਈਵੇ ‘ਤੇ ਆਉਂਦੇ ਸਾਰੇ ਟੋਲ ਪਲਾਜ਼ਾ ਫ੍ਰੀ ਕਰਵਾ ਦਿੱਤੇ ਗਏ ਹਨ। ਕਿਸਾਨ ਜਥੇਬੰਦੀਆਂ ਦਾ ਹਰਿਆਣਾ ਦੇ ਟੋਲ ਪਲਾਜ਼ਿਆਂ ‘ਤੇ ਪੱਕਾ ਧਰਨਾ ਸ਼ੁਰੂ ਹੋ ਗਿਆ ਹੈ। ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਪੰਜਾਬ ਵਾਂਗ ਹਰਿਆਣਾ ਵਿੱਚ ਵੀ ਅਣਮਿੱਥੇ ਸਮੇਂ ਲਈ ਟੋਲ ਪਲਾਜ਼ਾ ਫ੍ਰੀ ਰੱਖੇ ਜਾਣਗੇ। ਜਦੋਂ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਲੈ ਲਵੇਗੀ ਤਾਂ ਟੋਲ ਪਲਾਜ਼ਿਆਂ ਤੋਂ ਮੋਰਚੇ ਹਟਾ ਦਿੱਤੇ ਜਾਣਗੇ।
ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਸੀ ਕਿ ਸਿਰਫ਼ ਤਿੰਨ ਦਿੰਨ 25, 26 ਅਤੇ 27 ਦਸੰਬਰ ਨੂੰ ਵੀ ਟੋਲ ਪਲਾਜ਼ਾ ਬੰਦ ਕੀਤੇ ਜਾਣਗੇ। ਤਿੰਨ ਦਿਨ ਬੰਦ ਰੱਖਣ ਤੋਂ ਬਾਅਦ ਹੁਣ ਇਸ ਧਰਨੇ ਦੀ ਮਿਆਦ ਵਧਾ ਕੇ ਅਣਮਿੱਥੇ ਸਮੇਂ ਲਈ ਕਰ ਦਿੱਤੀ ਹੈ। ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਪਿਛਲੇ ਤਿੰਨ ਮਹੀਨਿਆਂ ਤੋਂ ਟੋਲ ਪਲਾਜ਼ਾ ‘ਤੇ ਧਰਨੇ ਦੇ ਰਹੀਆਂ ਹਨ। ਜਿਸ ਨਾਲ ਟੋਲ ਇੱਕਠਾ ਕਰਨ ਵਾਲੀਆਂ ਕੰਪਨੀਆਂ ਨੂੰ ਵੱਡਾ ਘਾਟਾ ਪੈ ਰਿਹਾ ਹੈ। ਪੰਜਾਬ ਵਿੱਚ ਨੈਸ਼ਨਲ ਹਾਈਵੇ ਅਥੌਰਟੀ ਆਫ਼ ਇੰਡੀਆ ਦੇ 17 ਟੋਲ ਪਲਾਜ਼ਾ ਹਨ। ਪੰਜਾਬ ‘ਚੋਂ ਸਾਲਾਨਾ 150 ਕਰੋੜ ਰੁਪਏ ਟੋਲ ਇਕੱਠਾ ਕੀਤਾ ਜਾਂਦਾ ਹੈ। ਪੰਜਾਬ ਦਾ ਸਭ ਤੋਂ ਵੱਧ ਟੋਲ ਇਕੱਠਾ ਕਰਨ ਵਾਲਾ ਟੋਲ ਪਲਾਜ਼ਾ ਲੁਧਿਆਣਾ ਦੇ ਲਾਡੋਵਾਲ ਦਾ ਹੈ। ਲਾਡੋਵਾਲ ਟੋਲ ਪਲਾਜ਼ਾ ਤੋਂ ਰੋਜ਼ਾਨਾ 70 ਤੋਂ 75 ਲੱਖ ਰੁਪਏ ਟੈਕਸ ਵਜੋਂ ਇਕੱਠੇ ਕੀਤੇ ਜਾਂਦੇ ਹਨ। ਇਸ ਟੋਲ ਪਲਾਜ਼ਾ ਤੋਂ ਰੋਜ਼ਾਨਾ 35 ਤੋਂ 40 ਹਜ਼ਾਰ ਗੱਡੀਆਂ ਨਿਕਲਦੀਆਂ ਹਨ।
ਭਾਰਤ ਵਿੱਚ ਕੁੱਲ 550 ਟੋਲ ਪਲਾਜ਼ਾ ਹਨ। ਜਿੱਥੇ ਰੋਜ਼ਾਨਾ 70 ਕਰੋੜ ਰੁਪਏ ਗੱਡੀਆਂ ਤੋਂ ਟੈਕਸ ਦੇ ਰੂਪ ਵਿੱਚ ਇਕੱਠਾ ਕੀਤੇ ਜਾਂਦੇ ਹਨ। ਸਾਲ 2019-20 ਦੀ ਗੱਲ ਕਰੀਏ ਤਾਂ ਟੋਲ ਕੰਪਨੀਆਂ ਨੇ ਕੁੱਲ 26,851 ਕਰੋੜ ਰੁਪਏ ਟੋਲ ਇਕੱਠਾ ਕੀਤਾ ਹੈ।