-ਅਵਤਾਰ ਸਿੰਘ
ਕਿਸਾਨ ਅੰਦੋਲਨ ਜਦੋਂ ਦਿਲ ’ਚ ਸੰਗੀਤ ਨਾਲ ਮੋਹ ਅਤੇ ਵਿਰਸੇ ਨਾਲ ਜੁੜੇ ਰਹਿਣ ਦਾ ਮਲ੍ਹਾਰ ਹੋਵੇ ਤਾਂ ਸੁਭਾਵਿਕ ਤੌਰ ’ਤੇ ਇੱਕ ਪਰਪੱਕ ਗਾਇਕ ਵਜੋਂ ਉਭਾਰ ਬਣਦਾ ਹੈ। ਇਸ ਵਰਨਣ ਦੀ ਤਰਜ਼ਮਾਨੀ ਕਰਦਿਆਂ ਨੌਜਵਾਨ ਗਾਇਕ ਪਰਵ ਸੰਘਾ ਸਾਰਥਿਕ ਸੰਭਾਵਨਾਵਾਂ ਨਾਲ ਹਾਜ਼ਰ ਹੋਇਆ ਹੈ।
ਕੈਨੇਡਾ ’ਚ ਰਹਿੰਦਿਆਂ ਪਿਛੋਕੜ ਵਾਲਾ ਇਹ ਨੌਜਵਾਨ ਕਿਸਾਨ ਅੰਦੋਲਨ ਲਈ ਭਾਵਨਾਵਾਂ ਭਰਪੂਰ ਗੀਤ ‘ਰੋਕ ਲਊ ਕੌਣ ਤੁਫ਼ਾਨਾਂ ਨੂੰ’ ਲੈ ਕੇ ਆਇਆ ਹੈ। ਉਸ ਦੀ ਟਣਕਦੀ ਆਵਾਜ਼ ਅਤੇ ਸੋਹਜ ਗੀਤਕਾਰ ਵਜੋਂ ਬੋਲਾਂ ਦਾ ਸੁਮੇਲ ਇਸ ਕਦਰ ਖੂਬਸੂਰਤ ਬਣਿਆ ਕਿ ਇਸ ਗੀਤ ਨੇ ਦਿੱਲੀ ਦੀਆਂ ਹੱਦਾਂ ਤੱਕ ਪਹੁੰਚ ਕਰ ਲਈ ਹੈ।
ਕਿਸਾਨੀ ਪ੍ਰੀਕਿਰਿਆ, ਸਰਕਾਰ ਦੀ ਧੱਕੇਸ਼ਾਹੀ ਅਤੇ ਜ਼ੂਲਮ ਨਾਲ ਟੱਕਰ ਦੀ ਤਾਕਤ ਆਦਿ ਪੱਖਾਂ ਤੋਂ ਸਾਰੇ ਅਰਥ ਸਪੱਸ਼ਟ ਰੂਪ ’ਚ ਇਸ ਗੀਤ ਦਾ ਹਿੱਸਾ ਬਣੇ ਹਨ।
ਪ੍ਰਸਿੱਧ ਗਾਇਕ ਨਛੱਤਰ ਗਿੱਲ ਅਤੇ ਸਮਾਜ ਸੇਵੀ ਬਲਵੀਰ ਗਿੱਲ ਦੀ ਅਗਵਾਈ ’ਚ ਪੇਸ਼ ਕੀਤੇ ਗਏ ਇਸ ਗੀਤ ਦਾ ਥੋੜੇ ਸਮੇਂ ’ਚ ਸਮਾਜ ਅੰਦਰ ਆਪਣੀ ਥਾਂ ਬਣਾਉਣਾ ਮਾਣਮਈ ਹੈ।
ਪਰਵ ਸੰਘਾ ਦੀ ਮਿਹਨਤ ਤੇ ਲਗਨ ਨਾਲ ਸੋਨੇ ਦੀ ਸੁਹਾਗੇ ਵਾਲੀ ਗੱਲ ਇਹ ਹੋਈ ਕਿ ਅੰਦਰ ਪੰਜਾਬੀ ਮੂਲ ਦੇ ਹੁੰਦਿਆਂ ਇੱਥੋਂ ਦੇ ਵਿਰਸੇ ਤੇ ਇਤਿਹਾਸ ਨਾਲ ਜੁੜੇ ਰਹਿਣ ਦੀ ਵਿਸ਼ੇਸ਼ ਚਾਹਤ ਰਹੀ ਹੈ।
ਇਹੀ ਕਾਰਨ ਹੈ ਕਿ ਉਸ ਦਾ ਜਲੰਧਰ ਜ਼ਿਲ੍ਹੇ ਦੇ ਨਾਨਕੇ ਪਿੰਡ ਅਕਾਲਗੜ੍ਹ ਅਤੇ ਹੁਸ਼ਿਆਰਪੁਰ ਜ਼ਿਲ੍ਹੇ ’ਚ ਦਾਦਕੇ ਪਿੰਡ ਲੰਗੇਰੀ ਜੁੜਿਆ ਨਾਤਾ ਇਸ ਕਾਰਜ ਲਈ ਪੂਰਾ ਸਹਾਇਕ ਸਾਬਤ ਹੋਇਆ ਹੈ।
ਉਸ ਦਾ ਕਹਿਣ ਹੈ ਕਿ ਉਹ ਭਵਿੱਖ ’ਚ ਸੱਭਿਆਚਾਰਕ ਗੀਤਾਂ ਨਾਲ ਜੁੜੇ ਰਹਿ ਕੇ ਸਰੋਤਿਆਂ ਨਾਲ ਸਾਂਝ ਬਣਾਈ ਰੱਖੇਗਾ। ਲੋਕ ਗਾਇਕ ਨਛੱਤਰ ਗਿੱਲ ਨੇ ਕਿਹਾ ਕਿ ਅਜਿਹੇ ਨੌਜਵਾਨ ਸਾਰਥਿਕ ਗਾਇਕ ਵਜੋਂ ਅੱਗੇ ਆ ਕੇ ਬਾਖੂਬੀ ਤੌਰ ’ਤੇ ਆਪਣੇ ਵਿਰਸੇ ਦੀ ਭਾਵਨਾਤਮਕ ਤਰਜਮਾਨੀ ਕਰ ਸਕਦੇ ਹਨ।#