ਅੰਮ੍ਰਿਤਸਰ:ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਦੇਖੇ ਜਾਣ ਤੋਂ ਬਾਅਦ ਭਾਰਤ ਸਰਕਾਰ ਨੇ ਯੂਕੇ ਨੂੰ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਸਨ। ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਏਅਰਪੋਰਟ ‘ਤੇ ਬੀਤੀ ਰਾਤ ਆਖ਼ਰੀ ਫਲਾਈਟ ਉੱਤਰੀ ਸੀ। ਲੰਦਨ ਤੋਂ ਇਨ੍ਹਾਂ ਯਾਤਰੀਆਂ ਦਾ ਅੰਮ੍ਰਿਤਸਰ ਏਅਰਪੋਰਟ ‘ਤੇ ਕਰੋਨਾ ਟੈਸਟ ਕੀਤਾ ਗਿਆ।
ਰਾਤ ਤੋਂ ਹੀ ਇਨ੍ਹਾਂ ਯਾਤਰੀਆਂ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਹੀ ਰੋਕਿਆ ਗਿਆ ਸੀ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਿਹਤ ਵਿਭਾਗ ਟੀਮਾਂ ਨੇ ਯਾਤਰੀਆਂ ਦੇ ਸੈਂਪਲ ਭਰੇ ਸਨ। ਇਨ੍ਹਾਂ ਦੀ ਕੋਰੋਨਾ ਰਿਪੋਰਟ ਆਉਣ ਤੋਂ ਬਾਅਦ ਹੀ ਘਰ ਨੂੰ ਭੇਜਿਆ ਜਾਵੇਗਾ। ਜੇਕਰ ਇਨ੍ਹਾਂ ‘ਚੋਂ ਕੋਈ ਕੋਰੋਨਾ ਪਾਜ਼ਿਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਆਈਸੋਲੇਸ਼ਨ ਵਾਰਡ ‘ਚ ਰੱਖਿਆ ਜਾਵੇਗਾ।
ਲੰਦਨ ਤੋਂ ਅੰਮ੍ਰਿਤਸਰ ਆਈ ਇਸ ਫਲਾਈਟ ਵਿਚ ਕੁੱਲ 263 ਲੋਕ ਸਵਾਰ ਸਨ। ਜਿਨ੍ਹਾਂ ਵਿੱਚੋਂ 17 ਕਰਿਊ ਮੈਂਬਰ ਅਤੇ 246 ਯਾਤਰੀ ਸਨ। ਇੰਗਲੈਂਡ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਪ੍ਰਕਾਰ ਪਾਏ ਜਾਣ ਤੋਂ ਬਾਅਦ ਭਾਰਤ ਸਣੇ ਸਾਊਦੀ ਅਰਬ ਅਤੇ ਯੂਰਪ ਦੇ ਕਈ ਦੇਸ਼ਾਂ ਨੇ ਯੂਕੇ ਦੀਆਂ ਫਲਾਈਟਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤੀ ਹਵਾਈ ਮੰਤਰਾਲੇ ਨੇ ਵੀ 31 ਦਸੰਬਰ ਤੱਕ ਇਹ ਰੋਕ ਲਗਾਈ ਹੈ।