ਸ਼ਿਕਾਗੋ: ਅਮਰੀਕਾ ਦੇ ਸ਼ਿਕਾਗੋ ਹਵਾਈ ਅੱਡੇ ‘ਤੇ ਵਾਪਰੇ ਹਾਦਸੇ ਦੌਰਾਨ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਸ਼ਨਾਖ਼ਤ 35 ਸਾਲ ਦੇ ਜੀਜੋ ਜੌਰਜ ਵਜੋਂ ਕੀਤੀ ਗਈ ਹੈ। ਜੋ ਸ਼ਿਕਾਗੋ ਦੇ ਓ ‘ਹੇਅਰ ਹਵਾਈ ਅੱਡੇ ‘ਤੇ ਮਕੈਨਿਕ ਵਜੋਂ ਕੰਮ ਕਰਦਾ ਸੀ।
ਰਿਪੋਰਟਾਂ ਮੁਤਾਬਕ ਐਤਵਾਰ ਨੂੰ ਹਵਾਈ ਅੱਡੇ ਦੇ ਹੈਂਗਰ ਵਿਚ ਇਕ ਭਾਰੀ ਮਸ਼ੀਨ ਹੇਠ ਦਬ ਜਾਣ ਕਾਰਨ ਉਸ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੇ ਪੁਲਿਸ ਅਫ਼ਸਰਾਂ ਮੁਤਾਬਕ ਭਾਰਤ ਦੇ ਕੇਰਲ ਨਾਲ ਸਬੰਧਤ ਜੌਰਜ ਹਵਾਈ ਜਹਾਜ਼ਾਂ ਨੂੰ ਅੱਗੇ ਪਿੱਛੇ ਕਰਨ ਲਈ ਵਰਤੀ ਜਾਂਦੀ ਮਸ਼ੀਨ ਹੇਠ ਦਬਿਆ ਮਿਲਿਆ। ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਉਹ ਦਮ ਤੋੜ ਗਿਆ। ਪੋਸਟ ਮਾਰਟਮ ਰਿਪੋਰਟ ਵਿਚ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ ਨੂੰ ਹਾਦਸੇ ਦਾ ਨਤੀਜਾ ਕਰਾਰ ਦਿੱਤਾ ਗਿਆ ਹੈ।
ਐਨਵੋਏ ਏਅਰ ਲਈ ਕੰਮ ਕਰ ਰਹੇ ਜੀਜੋ ਜੌਰਜ ਮਸ਼ੀਨ ਹੋਠ ਕਿਵੇਂ ਦਬੇ , ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ। ਭਾਰਤੀ ਭਾਈਚਾਰੇ ਵੱਲੋਂ ਪੀੜਤ ਪਰਿਵਾਰ ਦੀ ਮਦਦ ਲਈ GoFundMe ਪੇਜ ਸ਼ੁਰੂ ਕੀਤਾ ਗਿਆ ਹੈ।