ਨਿਊਜ਼ ਡੈਸਕ: ਦੁਨੀਆ ਵਿੱਚ ਜਿੱਥੇ ਹੁਣ ਤੱਕ 7.39 ਕਰੋੜ ਤੋਂ ਵੱਧ ਲੋਕ ਕੋਰੋਨਾ ਨਾਲ ਸੰਕਰਮਿਤ ਹਨ ਅਤੇ ਉੱਥੇ ਇਸ ਵਾਇਰਸ ਕਾਰਨ 16.44 ਲੱਖ ਤੋਂ ਵੱਧ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। 30 ਅੰਤਰਰਾਸ਼ਟਰੀ ਸੰਗਠਨਾਂ ਦੇ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਮਹਾਂਮਾਰੀ ਕਾਰਨ ਵਿਸ਼ਵ ‘ਚ ਆਰਥਿਕ ਗਤੀਵਿਧੀਆਂ ਦੇ ਪ੍ਰਭਾਵਿਤ ਹੋਣ ਕਾਰਨ ਭੁੱਖਮਰੀ ਵਧ ਗਈ ਹੈ ਅਨੁਮਾਨਾਂ ਅਨੁਸਾਰ, 1.68 ਲੱਖ ਬੱਚਿਆਂ ਦੀ ਮਹਾਂਮਾਰੀ ਕਾਰਨ ਪੈਦਾ ਹੋਈ ਭੁੱਖਮਰੀ ਕਾਰਨ ਮੌਤ ਹੋ ਸਕਦੀ ਹੈ।
ਇਸ ਅਧਿਐਨ ਵਿਚ ਕਿਹਾ ਗਿਆ ਹੈ ਕਿ ਭੁੱਖਮਰੀ ਦੇ ਵਿਰੁੱਧ ਦਹਾਕਿਆਂ ਤੋਂ ਹੋਈ ਤਰੱਕੀ ਕੋਰੋਨਾ ਮਹਾਂਮਾਰੀ ਨਾਲ ਪ੍ਰਭਾਵਤ ਹੋਈ ਹੈ। ਭੁੱਖਮਰੀ ਤੇ ਪੋਸ਼ਣ ਸੰਘ ਨੇ ਇਸ ਸਾਲ ਦੇ ਆਰਥਿਕ ਅਤੇ ਪੋਸ਼ਣ ਸੰਬੰਧੀ ਅੰਕੜੇ ਇਕੱਤਰ ਕੀਤੇ ਅਤੇ ਸਰਵੇਖਣ ਕੀਤਾ। ਇਸ ਖੋਜ ਦੀ ਅਗਵਾਈ ਕਰ ਰਹੇ ਮਾਈਕ੍ਰੋਨਿਊਟਰੀਏਟ ਫੋਰਮ ਦੇ ਕਾਰਜਕਾਰੀ ਨਿਰਦੇਸ਼ਕ ਸਾਸਾਕਿਆ ਨੇ ਅਨੁਮਾਨ ਲਗਾਇਆ ਹੈ ਕਿ 11.90 ਕਰੋੜ ਤੱਕ ਬੱਚੇ ਕੁਪੋਸ਼ਣ ਦੇ ਸਭ ਤੋਂ ਗੰਭੀਰ ਰੂਪ ਤੋਂ ਪੀੜਤ ਹੋਣਗੇ।
ਸਭ ਤੋਂ ਵੱਧ ਕੁਪੋਸ਼ਣ ਤੋਂ ਪ੍ਰਭਾਵਿਤ ਬੱਚੇ ਦੱਖਣੀ ਏਸ਼ੀਆ ਅਤੇ ਅਫਰੀਕਾ ਵਿੱਚ ਹੋ ਸਕਦੇ ਹਨ। ਸਾਸਾਕਿਆ ਅਨੁਸਾਰ, ਜਿਹੜੀਆਂ ਔਰਤਾਂ ਹਾਲੇ ਵੀ ਗਰਭਵਤੀ ਹਨ, ਉਹ ਅਜਿਹੇ ਬੱਚਿਆਂ ਨੂੰ ਜਨਮ ਦੇਣਗੀਆਂ ਜੋ ਜਨਮ ਤੋਂ ਪਹਿਲਾਂ ਹੀ ਕੁਪੋਸ਼ਣ ਦਾ ਸ਼ਿਕਾਰ ਹਨ ਅਤੇ ਉਹ ਕਹਿੰਦੇ ਹਨ ਕਿ ਇੱਕ ਪੂਰੀ ਪੀੜ੍ਹੀ ਦਾਅ ਤੇ ਲੱਗੀ ਹੋਈ ਹੈ।