ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਬਿਆਨ ਜਾਰੀ ਕਰ ਕਿਹਾ ਕਿ ਮੋਦੀ ਦੇ ਜੀ ਨਿਊਜ਼ ਵੱਲੋਂ ਉਨ੍ਹਾਂ ਵਲੋਂ ਬੀਤੇ ਦਿਨੀਂ ਸਟੇਜ ‘ਤੇ ਦਿੱਤੇ ਬਿਆਨ ਨੂੰ ਜਾਣਬੁੱਝ ਕੇ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਜਦਕਿ ਉਨ੍ਹਾਂ ਨੇ ਖੁਦ ਅੰਮ੍ਰਿਤ ਛਕਿਆ ਹੋਇਆ ਹੈ ਅਤੇ ਘਰੋਂ ਤੁਰਨ ਵੇਲੇ ਉਹ ਪੰਜ ਬਾਣੀਆਂ ਦਾ ਪਾਠ ਕਰਕੇ ਤੁਰਦੇ ਹਨ ਅਤੇ ਗੁਰਬਾਣੀ ਦਾ ਪੂਰਾ ਸਤਿਕਾਰ ਕਰਦੇ ਹਨ।
ਖਾਲਸਾਈ ਝੰਡੇ ਸਬੰਧੀ ਉਨ੍ਹਾਂ ਸਿਰਫ ਇਹ ਕਿਹਾ ਸੀ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਥੇ ਹੀ ਖਾਲਸਾਈ ਝੰਡਾ ਲਹਿਰਾਇਆ ਜਾਂਦਾ ਹੈ। ਇਸ ਤਰ੍ਹਾਂ ਲਹਿਰਾਉਣ ਨਾਲ ਉਸਦਾ ਸਤਿਕਾਰ ਘਟਦਾ ਹੈ। ਇਸ ਸਬੰਧੀ ਗੋਦੀ ਮੀਡੀਆ ਜਾਣਬੁੱਝ ਕੇ ਗਲਤ ਢੰਗ ਨਾਲ ਖਾਲਸਾਈ ਝੰਡੇ ਨੂੰ ਖਾਲਿਸਤਾਨੀ ਰੰਗਤ ਨਾਲ ਜੋੜ ਕੇ ਪੇਸ਼ ਕਰਕੇ ਇਸ ਕਿਸਾਨ ਮੋਰਚੇ ਨੂੰ ਸਾਬੋਤਾਜ ਕਰਨਾ ਚਾਹੁੰਦੇ ਹਨ ਤਾਂ ਜੋ ਇਹ ਅੰਦੋਲਨ ਤਾਰੋਪੀਡ ਕੀਤਾ ਜਾ ਸਕੇ। ਇੱਥੇ ਸਟੇਜ਼ ਤੋਂ ਸੰਤ ਮਹਾਂਪੁਰਸ਼ ਗੁਰਬਾਣੀ ਦੇ ਲੜ੍ਹ ਲੱਗਣ ਅਤੇ ਸਹੀ ਸੇਧ ਲੈਣ ਆਦਿ ਸਿੱਖਿਆਵਾਂ ਤੋਂ ਉਹ ਖੁਦ ਸਹੀ ਸੇਧ ਲੈ ਕੇ ਅੱਗੇ ਤੁਰਦੇ ਹਨ।
ਇਸ ਤੋਂ ਇਲਾਵਾ ਗੁਰੂ ਦੀਆਂ ਲਾਡਲੀਆਂ ਫੌਜਾਂ ਸਾਡੇ ਸਿੱਖੀ ਵਿਰਸੇ ਦਾ ਸਰਮਾਇਆ ਹਨ, ਉਨ੍ਹਾਂ ਦਾ ਕਹਿਣ ਭਾਵ ਇਹ ਸੀ ਕਿ ਗੁਰੂ ਕੀ ਲਾਡਲੀਆਂ ਫੌਜਾਂ ਦੀ ਜੋ ਛਾਉਣੀ ਬੈਰੀਗੇਡਾਂ ਲਾਗੇ ਹੈ, ਉਸ ਨੂੰ ਗੋਦੀ ਮੀਡੀਆ ਗਲਤ ਰੰਗਤ ਦੇ ਕੇ ਪੇਸ਼ ਕਰ ਰਿਹਾ ਹੈ, ਮੈਂ ਸਿਰਫ ਗੁਰੂ ਕੀਆਂ ਲਾਡਲੀਆਂ ਫੌਜਾਂ ਨੂੰ ਆਪਣੀ ਛਾਉਣੀ ਪਿੱਛੇ ਲਾਉਣ ਸਬੰਧੀ ਬੇਨਤੀ ਕੀਤੀ ਸੀ। ਮੇਰੀ ਅਜਿਹੀ ਕੋਈ ਮਨਸਾ ਨਹੀਂ ਕਿ ਜਿਸ ਨਾਲ ਕਿਸੇ ਦੇ ਮਨ ਨੂੰ ਕੋਈ ਠੇਸ ਲੱਗੇ। ਉਨ੍ਹਾਂ ਅੱਗੇ ਕਿਹਾ ਕਿ ਅਗਰ ਜੇਕਰ ਮੇਰੇ ਦੁਆਰਾ ਕਹੇ ਸ਼ਬਦਾਂ ਨਾਲ ਕਿਸੇ ਦੇ ਦਿਲ ਨੂੰ ਕੋਈ ਠੇਸ ਲੱਗੀ ਤਾਂ ਮੈਂ ਇਸਦੀ ਮੁਆਫੀ ਚਾਹੁੰਦਾ ਹਾਂ। ਇਸ ਵੇਲੇ ਸਾਡਾ ਸਭ ਦਾ ਮੁੱਖ ਨਿਸ਼ਾਨਾ ਕਿਸਾਨੀ ਸੰਘਰਸ਼ ਵਿੱਚ ਜਿੱਤ ਪ੍ਰਾਪਤ ਕਰਨਾ ਹੈ। ਮੋਦੀ ਸਰਕਾਰ ਅਤੇ ਉਨ੍ਹਾਂ ਦੀ ਗੋਦੀ ਮੀਡੀਆ ਪੂਰਾ ਟਿੱਲ ਲਾ ਰਿਹਾ ਹੈ ਕਿ ਕਿਸਾਨਾਂ ਦੇ ਸੰਘਰਸ਼ ਨੂੰ ਕਰਜੋਰ ਕੀਤਾ ਜਾਵੇ ਅਤੇ ਆਪਸੀ ਮੱਤਭੇਦ ਵਧਾਏ ਜਾਣ।