ਨਿਊਜ਼ ਡੈਸਕ: ਜਰਮਨੀ ਦੇ ਸਾਰੇ 16 ਰਾਜਾਂ ਨੇ ਜਰਮਨ ਚਾਂਸਲਰ ਐਂਜੇਲਾ ਮਰਕਲ ਤੇ ਸਖ਼ਤ ਲਾਕਡਾਊਨ ਦੇ ਪ੍ਰਸਤਾਵ ਨੂੰ ਮੰਨ ਲਿਆ ਹੈ। ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਤੋਂ ਬਾਅਦ ਚਾਂਸਲਰ ਮਰਕਲ ਨੇ ਐਲਾਨ ਕੀਤਾ ਕਿ ਬੁੱਧਵਾਰ ਤੋਂ ਜ਼ਿਆਦਾਤਰ ਦੁਕਾਨਾਂ, ਸਕੂਲ, ਡੇਅ ਕੇਅਰ ਸੈਂਟਰ ਬੰਦ ਕਰ ਦਿੱਤੇ ਜਾਣਗੇ। ਨਵੀਂ ਪਾਬੰਦੀਆਂ 10 ਜਨਵਰੀ ਤੱਕ ਲਾਗੂ ਰਹਿਣਗੀਆਂ ਇਸ ਦਾ ਸਿੱਧਾ ਮਤਲਬ ਹੈ ਕਿ ਕ੍ਰਿਸਮਸ ਦਾ ਤਿਉਹਾਰ ਅਤੇ ਨਿਊਯੀਅਰ ਵਰਗਾ ਵੱਡਾ ਈਵੈਂਟ ਇਨ੍ਹਾਂ ਪਾਬੰਦੀਆਂ ਵਿੱਚ ਹੀ ਲੰਘੇਗਾ।
ਜਰਮਨੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਲਪੇਟ ਵਿਚ ਹੈ। ਇਸ ਵਾਰ ਮਾਰਚ-ਅਪ੍ਰੈਲ ਦੇ ਮੁਕਾਬਲੇ ਹਾਲਾਤ ਕਿਤੇ ਜ਼ਿਆਦਾ ਗੰਭੀਰ ਹਨ। ਬੀਤੇ ਸ਼ੁੱਕਰਵਾਰ ਨੂੰ ਜਰਮਨੀ ‘ਚ ਰਿਕਾਰਡ 30 ,000 ਦੇ ਲਗਭਗ ਮਾਮਲੇ ਸਾਹਮਣੇ ਆਏ, ਇਹ ਜਰਮਨੀ ਲਈ 24 ਘੰਟਿਆਂ ‘ਚ ਸੰਕਰਮਿਤ ਹੋਣ ਵਾਲੇ ਲੋਕਾਂ ਦੀ ਸਭ ਤੋਂ ਵੱਡੀ ਗਿਣਤੀ ਹੈ।
ਜਰਮਨੀ ਦੇ ਕਈ ਸ਼ਹਿਰਾਂ ਵਿਚ ਹਸਪਤਾਲਾਂ ਦੀ ਆਈਸੀਯੂ ਸਮਰੱਥਾ 90 ਤੋਂ 95 ਫ਼ੀਸਦੀ ਭਰ ਚੁੱਕੀ ਹੈ। ਨਵੇਂ ਲਾਕਡਾਊਨ ਦੇ ਗੰਭੀਰ ਆਰਥਿਕ ਨਤੀਜੇ ਹੋਣਗੇ। ਕ੍ਰਿਸਮਸ ਅਤੇ ਨਿਊਯੀਅਰ ਦਾ ਸਮਾਂ ਆਮ ਤੌਰ ਤੇ ਖਰੀਦਦਾਰੀ ਦਾ ਸਮਾਂ ਮੰਨਿਆ ਜਾਂਦਾ ਹੈ। ਕ੍ਰਿਸਮਸ ਅਤੇ ਨਿਊਯੀਅਰ ਦੀਆਂ ਛੁੱਟੀਆਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਪਰਿਵਾਰ ਅਤੇ ਦੋਸਤਾਂ ਨਾਲ ਬਿਤਾਉਂਦੇ ਹਨ।