ਵਾਸ਼ਿੰਗਟਨ : ਦੁਨੀਆਂ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 7.16 ਕਰੋੜ ਤੋਂ ਵੱਧ ਹੋ ਗਿਆ ਹੈ। 4.98 ਕਰੋੜ ਤੋਂ ਵੱਧ ਲੋਕ ਠੀਕ ਵੀ ਹੋ ਚੁੱਕੇ ਹਨ। ਹੁਣ ਤਕ 16 ਲੱਖ ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਅਮਰੀਕਾ ਵਿਚ ਬੀਤੇ 24 ਘੰਟਿਆਂ ਦੌਰਾਨ 3000 ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ ਹਨ।
ਜਿਸ ਕਾਰਨ ਹੁਣ ਅਮਰੀਕਾ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 1.16 ਕਰੋੜ ਤੋਂ ਵੱਧ ਹੋ ਗਈ ਹੈ। ਇਸ ਤੋਂ ਇਲਾਵਾ ਅਮਰੀਕਾ ਵਿਚ ਮੌਤਾਂ ਦਾ ਅੰਕੜਾ 3 ਲੱਖ ਨੂੰ ਪਾਰ ਕਰ ਗਿਆ ਹੈ।
ਅਮਰੀਕਾ ‘ਚ ਕਈ ਸੂਬਿਆਂ ਅੰਦਰ Pfizer ਦੀ ਵੈਕਸੀਨ ਪਹੁੰਚਾਉਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਟਰੰਪ ਐਡਮਨਿਸਟ੍ਰੇਸ਼ਨ ਦੇ ਆਪਰੇਸ਼ਨ ਵਾਰਪ ਸਪੀਡ ਦੇ ਮੁਖੀ ਗੁਸਤਾਵੇ ਪੇਰਨਾ ਨੇ ਦੱਸਿਆ ਕਿ ਸੋਮਵਾਰ ਨੂੰ 145 ਥਾਂਵਾਂ ‘ਤੇ Pfizer ਵੈਕਸੀਨ ਦੀ ਪਹਿਲੀ ਡੋਜ਼ ਪਹੁੰਚਾ ਦਿੱਤੀ ਜਾਵੇਗੀ। ਇਸੇ ਤਰ੍ਹਾਂ ਮੰਗਲਵਾਰ ਨੂੰ 425 ਅਤੇ ਬੁੱਧਵਾਰ ਨੂੰ 66 ਥਾਂਵਾਂ ‘ਤੇ ਵੈਕਸੀਨ ਪਹੁੰਚਾਉਣ ਦੀ ਯੋਜਨਾ ਹੈ। ਅਮਰੀਕਾ ਵਿੱਚ 11 ਦਸੰਬਰ ਨੂੰ Pfizer ਦੀ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਇਜਾਜ਼ਤ ਦੇ ਦਿੱਤੀ ਗਈ ਸੀ।