ਬਠਿੰਡਾ : ਆਯੁਰਵੈਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਨੂੰ ਆਪ੍ਰੇਸ਼ਨ ਕਰਨ ਦੀ ਮਿਲੀ ਇਜਾਜ਼ਤ ਦਾ ਦੇਸ਼ ਭਰ ‘ਚ ਅੱਜ ਵਿਰੋਧ ਹੋ ਰਿਹਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਅੱਜ ਇੱਕ ਦਿਨ ਦੀ ਹੜਤਾਲ ਕੀਤੀ ਗਈ ਹੈ। ਹੜਤਾਲ ਦੌਰਾਨ ਐਮਰਜੇਂਸੀ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਪਿਛਲੇ ਮਹੀਨੇ ਆਯੁਰਵੈਦਿਕ ਡਾਕਟਰਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਸੀ।
ਆਯੁਰਵੈਦ ਦੀ ਡਿਗਰੀ ਪ੍ਰਾਪਤ ਡਾਕਟਰ ਹੁਣ ਜਨਰਲ ਅਤੇ ਆਰਥੋਪੀਡਿਕ ਸਰਜਰੀ ਦੇ ਨਾਲ ਹੀ ਅੱਖ, ਕੰਨ ਅਤੇ ਗਲੇ ਦੀ ਸਰਜਰੀ ਕਰ ਸਕਣਗੇ। ਸੈਂਟਰਲ ਕੌਂਸਲ ਆਫ਼ ਇੰਡੀਅਨ ਮੈਡੀਸਨ ਸਰਕਾਰ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਪੀਜੀ ਦੇ ਵਿਦਿਆਰਥੀਆਂ ਨੂੰ ਸਰਜਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਵੇਗੀ। ਸਰਕਾਰ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਇਨ੍ਹਾਂ ਵਿਦਿਆਰਥੀਆਂ ਨੂੰ ਅਨੇਕਾਂ ਸਰਜਰੀਆਂ ਦਾ ਅਧਿਕਾਰ ਹੋਵੇਗਾ।
ਕੇਂਦਰ ਦੇ ਇਹਨਾਂ ਫੈਸਲਿਆਂ ਖਿਲਾਫ਼ ਬਾਕੀ ਡਾਕਟਰਾਂ ਵਿੱਚ ਰੋਸ ਦਿਖਾਈ ਦੇ ਰਿਹਾ ਹੈ। ਇਸ ਦਾ ਅਸਰ ਬਠਿੰਡਾ ‘ਚ ਵੀ ਦੇਖਣ ਨੂੰ ਮਿਲਿਆ। ਬਠਿੰਡਾ ਦੇ ਕਰੀਬ 120 ਪ੍ਰਾਈਵੇਟ ਹਸਪਤਾਲ ਦੇ 600 ਡਾਕਟਰ ਹੜਤਾਲ ‘ਤੇ ਹਨ। ਇਹਨਾਂ ਪ੍ਰਦਰਸ਼ਨਕਾਰੀ ਡਾਕਟਰਾਂ ਦਾ ਕਹਿਣ ਹੈ ਕਿ ਆਯੁਰਵੈਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਕੋਲ ਸਰਜਰੀ ਦੀ ਕੋਈ ਟਰੇਨਿੰਗ ਨਹੀਂ ਹੈ, ਜਿਸ ਕਾਰਨ ਮਰੀਜ਼ਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਕੇਂਦਰ ਸਰਕਾਰ ਆਪਣਾ ਇਹ ਫੈਸਲਾ ਵਾਪਸ ਲਵੇ।