ਚੰਡੀਗੜ੍ਹ: ਕਾਲੇ ਖੇਤੀ ਕਾਨੂੰਨਾਂ ਦੀ ਬਿਨਾਂ ਸ਼ਰਤ ਵਾਪਸੀ ਲਈ ਲਗਾਤਾਰ ਸਿਖਰਾਂ ਵੱਲ ਵਧ ਰਹੇ ਇਕਜੁੱਟ ਕਿਸਾਨ ਅੰਦੋਲਨ ਦੇ ਅੱਜ ਦੇ ਧਰਨੇ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਕੀਤੇ ਗਏ।
ਟਿਕਰੀ ਬਾਰਡਰ ‘ਤੇ ਕਿਸਾਨ ਲਹਿਰ ਅਤੇ ਆਜ਼ਾਦੀ ਲਹਿਰ ਦੇ ਸ਼ਹੀਦਾਂ ਦੇ ਨਾਂਵਾਂ ‘ਤੇ ਵਸਾਏ ਛੇ ਸੰਘਰਸ਼ੀ ਨਗਰਾਂ ਦੇ ਪੰਡਾਲਾਂ ਅਤੇ ਪੰਜਾਬ ਵਿੱਚ 40 ਥਾਂਈਂ ਭਾਜਪਾ ਆਗੂਆਂ ਅਤੇ ਕਾਰਪੋਰੇਟ ਕਾਰੋਬਾਰਾਂ ਮੂਹਰੇ ਦਿਨੇ ਰਾਤ ਪ੍ਰਵਾਰਾਂ ਸਮੇਤ ਡਟੇ ਹੋਏ ਲੱਖਾਂ ਕਿਸਾਨਾਂ ਮਜ਼ਦੂਰਾਂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਅਹਿਦ ਕੀਤਾ।
ਉਹਨਾਂ ਨੇ ਮੰਗ ਕੀਤੀ ਕਿ ਦੇਸ਼ਧ੍ਰੋਹੀ ਵਰਗੇ ਝੂਠੇ ਕੇਸਾਂ ਵਿੱਚ ਜੇਲ੍ਹੀਂ ਡੱਕੇ ਅਨੰਦ ਤੇਲਤੁੰਬੜੇ, ਵਰਵਰਾ ਰਾਓ, ਸਟੇਨਸਵਾਮੀ, ਸੁਧਾ ਭਾਰਦਵਾਜ, ਗੌਤਮ ਨਵਲੱਖਾ, ਪ੍ਰੋ: ਸਾਂਈਂ ਬਾਬਾ,ਨਿਤਾਸ਼ਾ ਨਰਵਾਲ ਅਤੇ ਅਰੁਣ ਫਰੇਰਾ ਵਰਗੇ ਅਨੇਕਾਂ ਹੋਰ ਬੁੱਧੀਜੀਵੀਆਂ,ਵਕੀਲਾਂ ਅਤੇ ਵਿਦਿਆਰਥੀ ਕਾਰਕੁਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਵੱਖ ਵੱਖ ਥਾਂਈਂ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਗੁਰਮੀਤ ਸਿੰਘ ਕਿਸ਼ਨਪੁਰਾ, ਬਲਜੀਤ ਕੌਰ ਭੱਠਲ ਅਤੇ ਹੋਰ ਜਿਲ੍ਹਾ/ਬਲਾਕ ਪੱਧਰੇ ਆਗੂ ਸ਼ਾਮਲ ਸਨ।
ਬੁਲਾਰਿਆਂ ਨੇ ਮੋਦੀ ਭਾਜਪਾ ਹਕੂਮਤ ਉੱਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦਾ ਦੋਸ਼ ਲਾਇਆ।
ਉਹਨਾਂ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਲੱਖਾਂ ਦੀ ਤਾਦਾਦ ਵਿੱਚ ਸੜਕਾਂ ਉੱਤੇ ਰੋਸ ਪ੍ਰਦਰਸ਼ਨ ਕਰ ਰਹੇ ਅਤੇ ਸ਼ਹੀਦੀ ਜਾਮ ਪੀ ਰਹੇ ਕਿਸਾਨਾਂ ਮਜ਼ਦੂਰਾਂ ਦੀਆਂ ਸਰਾਸਰ ਹੱਕੀ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰਨਾ ਵੀ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੀ ਬਣਦੀ ਹੈ। ਉਹਨਾਂ ਐਲਾਨ ਕੀਤਾ ਕਿ ਪੰਜੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤੱਕ ਪੂਰੇ ਦੇਸ਼ ਵਿਚ ਫੈਲ ਰਿਹਾ ਮੌਜੂਦਾ ਸਾਂਝਾ ਕਿਸਾਨ ਘੋਲ਼ ਹੋਰ ਵਧੇਰੇ ਰੋਹ ਤੇ ਜੋਸ਼ ਨਾਲ ਦਿਨੇ ਰਾਤ ਜਾਰੀ ਰੱਖਿਆ ਜਾਵੇਗਾ।