ਅੰਮ੍ਰਿਤਸਰ: ਖੇਤੀ ਕਾਨੂੰਨ ਮੁੱਦੇ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਇੱਕ ਵਾਰ ਮੁੜ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਿਮਾਇਤ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਬਿਨ੍ਹਾਂ ਦੇਰੀ ਕੀਤੇ ਕਿਸਾਨਾਂ ਦੀਆਂ ਮੰਗਾਂ ਮੰਨੇ ਅਤੇ ਖੇਤੀ ਕਾਨੂੰਨ ਰੱਦ ਕਰੇ। ਇਸ ਦੇ ਨਾਲ ਹੀ ਜਥੇਦਾਰ ਨੇ ਕਿਹਾ ਕਿ ਕੋਰੋਨਾ ਕਾਰਨ ਪੂਰੀ ਦੁਨੀਆਂ ‘ਤੇ ਆਰਥਿਕ ਮੰਦੀ ਛਾ ਜਾਣੀ ਸੀ, ਪਰ ਖੇਤੀਬਾੜੀ ਸੈਕਟਰ ਨੇ ਬਚਾਅ ਲਿਆ ਸੀ।
ਉਨ੍ਹਾਂ ਕਿਹਾ ਕਿ ਕਿਸਾਨ ਜ਼ਾਬਤੇ ‘ਚ ਰਹਿ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਪਰ ਸ਼ਰਾਰਤੀ ਤਾਕਤਾਂ ਇਸ ਨੂੰ ਦੇਸ਼ ਵਿਰੋਧੀ ਬਣਾਉਨ ‘ਚ ਲੱਗੀਆਂ ਹੋਈਆਂ ਹਨ। ਜੋ ਬਿਲਕੁਲ ਗਲ਼ਤ ਹੈ। ਦੇਸ਼ ਵਿਰੋਧੀ ਗਤੀਵੀਧੀਆਂ ਦਾ ਕਿਸਾਨ ਅੰਦੋਲਨ ਨਾਲ ਕੋਈ ਲੈਣ ਦੇਣ ਨਹੀਂ ਹੈ।
ਇਸ ਤੋਂ ਇਲਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਨਾ ਤਾਂ ਕਿਸਾਨਾਂ ਨੂੰ ਪਸੰਦ ਹਨ ਅਤੇ ਨਾ ਹੀ ਮਜ਼ਦੂਰ ਤੇ ਵਾਪਰੀ ਵਰਗ ਨੂੰ, ਫਿਰ ਸਰਕਾਰ ਕਿਉਂ ਇਸ ਨੂੰ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡੀ ਸਿਸਟਮ ਸਿਰਫ਼ ਪੰਜਾਬ ਤੇ ਹਰਿਆਣਾ ਸੂਬੇ ਵਿੱਚ ਹੀ ਮਜ਼ਬੂਤ ਹੈ। MSP ਦੇਣ ਨਾਲ ਸਰਕਾਰ ‘ਤੇ ਵਾਧੂ ਦਾ ਬੋਝ ਨਹੀਂ ਹੈ। ਆਰਥਿਕ ਮੰਦੀ ਇਸ ਲਈ ਆਈ ਹੈ ਕਿਉਂਕਿ ਵੱਡੇ ਵਪਾਰੀ ਬੈਂਕਾਂ ਤੋਂ ਹਜ਼ਾਰਾਂ ਕਰੋੜਾਂ ਰੁਪਏ ਲੋਨ ਲੈ ਕੇ ਵਾਪਸ ਨਹੀਂ ਕਰ ਰਹੇ।