-ਅਵਤਾਰ ਸਿੰਘ
ਭਾਰਤ ਰਤਨ ਸਨਮਾਨਿਤ ਡਾ. ਭੀਮ ਰਾਉ ਅੰਬੇਦਕਰ ਇਕ ਉਚਕੋਟੀ ਦੇ ਵਿਦਵਾਨ ਕਾਨੂੰਨ ਦੇ ਮਾਹਿਰ, ਅਰਥ ਸ਼ਾਸਤਰੀ, ਲੇਖਕ, ਦੇਸ਼ ਭਗਤ ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਸਨ।
ਉਨ੍ਹਾਂ ਨੇ ਆਪਣੀ ਸਾਰੀ ਜਿੰਦਗੀ ਸਮਾਜ ਸੁਧਾਰ ਤੇ ਪਛੜੇ ਵਰਗ ਦੇ ਲੋਕਾਂ ਨੂੰ ਸਮਾਜ ਵਿੱਚ ਸਨਮਾਨ ਯੋਗ ਥਾਂ ਦਿਵਾਉਣ ਲਈ ਲਾ ਦਿੱਤੀ। ਉਨ੍ਹਾਂ ਦਾ ਜਨਮ 14 ਅਪ੍ਰੈਲ 1891ਨੂੰ ਮਾਤਾ ਭੀਮਾ ਬਾਈ ਤੇ ਪਿਤਾ ਸੂਬੇਦਾਰ ਮੇਜਰ ਦਾਸ ਦੇ ਘਰ, ਗਰੀਬ ਤੇ ਹਿੰਦੂ ਮੈੜ ਪਰਿਵਾਰ ‘ਚ ਹੋਇਆ।
ਇਸ ਪਰਿਵਾਰ ਨੂੰ ਅਛੂਤ ਸਮਝਿਆ ਜਾਂਦਾ ਸੀ। ਉਹ ਮਾਪਿਆਂ ਦੇ 14ਵੇਂ ਬੱਚੇ ਸਨ ਤਾਂ ਮਹਾਰਾਸ਼ਟਰ ਰਤਨਾਗੜੀ ਦੇ ਪਿੰਡ ਅੰਬਵਡੇ ਦੇ ਰਹਿਣ ਵਾਲੇ ਸਨ।ਸਕੂਲ ਦੇ ਅਧਿਆਪਕ ਨੇ ਉਨ੍ਹਾਂ ਦੇ ਨਾਂ ਨਾਲ ਪਿੰਡ ਦੇ ਨਾਂ ਨੂੰ ਜੋੜ ਕੇ ਭੀਮ ਰਾਉ ਅੰਬੇਦਕਰ ਕਰ ਦਿੱਤਾ।
ਸਕੂਲ ਸਮੇਂ ਉਨ੍ਹਾਂ ਨਾਲ ਬਹੁਤ ਵਿਤਕਰਾ ਕੀਤਾ ਜਾਂਦਾ ਤੇ ਉਸ ਦੇ ਹੱਥਾਂ ਦਾ ਪਾਣੀ ਵੀ ਨਹੀਂ ਫੜਿਆ ਜਾਂਦਾ। ਉਨ੍ਹਾਂ ਦਾ ਵਿਆਹ 1907 ‘ਚ ਰਾਮਾਬਾਈ ਨਾਲ ਹੋਇਆ। ਇਨ੍ਹਾਂ ਦੇ ਘਰ ਇਕ ਲੜਕਾ ਪੈਦਾ ਹੋਇਆ ਜਿਸਦਾ ਨਾਂ ਯਸਵੰਤ ਸੀ।
ਉਨ੍ਹਾਂ 1912 ‘ਚ ਬੀ ਏ ਦੀ ਡਿਗਰੀ ਹਾਸਲ ਕਰ ਲਈ। ਮਹਾਰਾਜਾ ਬੜੌਦਾ ਨੇ ਉਚ ਵਿੱਦਿਆ ਲਈ ਅਮਰੀਕਾ ਭੇਜ ਦਿਤਾ। ਪੀ ਐਚਡੀ ਕਰਕੇ ਵਾਪਸ ਆਉਣ ‘ਤੇ ਮਹਾਰਾਜਾ ਨੇ ਫੌਜੀ ਸਕੱਤਰ ਵਜੋਂ ਰੱਖ ਲਿਆ।
ਉਥੇ ਕਰਮਚਾਰੀ ਉਨ੍ਹਾਂ ਨੂੰ ਅਛੂਤ ਸਮਝਦੇ ਸਨ। ਸਮਾਜਿਕ ਵਿਤਕਰੇ ਨੇ ਡਾ ਅੰਬੇਦਕਰ ਦੇ ਮਨ ਵਿੱਚ ਵਿਦਰੋਹ ਦੀ ਅੱਗ ਭੜਕਾ ਦਿੱਤੀ।
ਉਹ ਸਮਾਜਿਕ ਨਾ ਬਰਾਬਰੀ, ਦੇਸ਼ ਦੀ ਆਜ਼ਾਦੀ, ਪਛੜੇ ਵਰਗ ਦੇ ਲੋਕਾਂ ਲਈ ਵਿਦਿਆ ਦਾ ਪ੍ਰਸਾਰ, ਸੱਭਿਆਚਾਰਕ ਅਤੇ ਖੁਸ਼ਹਾਲੀ ਲਈ ਸੰਘਰਸ਼ ਦੇ ਮੈਦਾਨ ਵਿੱਚ ਕੁਦ ਪਏ।
ਉਨ੍ਹਾਂ ਨੇ ‘ਵੀਕਲੀ ਨਾਇਕ’ ਪੇਪਰ ਕੱਢਿਆ ਜਿਸ ਦਾ ਉਦੇਸ਼ ਜਾਤ ਪਾਤ ਤੇ ਛੂਆ ਛਾਤ ਦੀ ਬਿਮਾਰੀ ਵਿਰੁੱਧ ਲੋਕਾਂ ਨੂੰ ਜਾਗਰਿਤ ਕਰਨਾ ਸੀ। 1927 ਵਿੱਚ ਬੰਬਈ ਵਿਧਾਨ ਪ੍ਰੀਸ਼ਦ ਦੇ ਮੈਂਬਰ ਚੁਣੇ ਗਏ।
ਉਨ੍ਹਾਂ ਕਈ ਕਿਤਾਬਾਂ ਲਿਖੀਆਂ। 1935 ਨੂੰ ਇੱਕ ਕਾਲਜ ਵਿੱਚ ਪ੍ਰੋਫੈਸਰ ਲੱਗ ਗਏ ਉਥੇ ਇਕ ਲਾਇਬਰੇਰੀ ਬਣਾਈ ਜਿਸ ਵਿੱਚ ਪੰਜਾਹ ਹਜ਼ਾਰ ਕਿਤਾਬਾਂ ਰੱਖੀਆਂ ਗਈਆਂ।
ਆਜ਼ਾਦੀ ਤੋਂ ਬਾਅਦ ਭਾਰਤ ਦਾ ਨਵਾਂ ਸੰਵਿਧਾਨ ਦਾ ਖਰੜਾ ਬਣਾਉਣ ਲਈ ਪ੍ਰਧਾਨ ਨਿਯੁਕਤ ਕੀਤਾ। 14 ਅਕਤੂਬਰ 1956 ਨੂੰ ਬੁੱਧ ਧਰਮ ਅਪਣਾ ਲਿਆ। ਭਾਰਤ ਦੇ ਪਹਿਲੇ ਮੰਤਰੀ ਮੰਡਲ ਵਿੱਚ ਕਾਨੂੰਨ ਮੰਤਰੀ ਦੀ ਉਪਾਧੀ ਦਿੱਤੀ ਗਈ। 6 ਦਸੰਬਰ 1956 ਨੂੰ ਦਿੱਲੀ ਵਿੱਚ ਸਦੀਵੀ ਵਿਛੋੜਾ ਦੇ ਗਏ। ਇਸ ਮਹਾਨ ਸਖਸ਼ੀਅਤ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।