-ਅਵਤਾਰ ਸਿੰਘ
ਮਾਝੇ ਦੀ ਧਰਤੀ ਦੇ ਪਿੰਡ ਦਦਹੇਰ ਸਾਹਿਬ ਜ਼ਿਲਾ ਤਰਨ ਤਾਰਨ ਦਾ ਗਦਰ ਲਹਿਰ ਦੇ ਇਤਿਹਾਸ ਵਿੱਚ ਵਿਸ਼ੇਸ ਸਥਾਨ ਹੈ। ਇਸ ਨੇ ਕਈ ਗਦਰੀ ਬਾਬਿਆਂ ਨੂੰ ਜਨਮ ਦਿੱਤਾ ਹੈ। ਇਹ ਪਿੰਡ ਇਲਾਕੇ ਦਾ ਸਭ ਤੋਂ ਪੁਰਾਣਾ ਹੈ ਜਿਸ ਦੀ ਲਗਭਗ ਇਕ ਹਜ਼ਾਰ ਸਾਲ ਤੋਂ ਵੀ ਪਹਿਲਾਂ ਦਦੇਹਰ ਨਾਂ ਦੇ ਵਿਅਕਤੀ ਨੇ ਮਾਲਵੇ ਵਿਚੋਂ ਆ ਕੇ ਮੋਹੜੀ ਗੱਡੀ ਸੀ।
ਸੰਤ ਬਾਬਾ ਵਿਸਾਖਾ ਸਿੰਘ ਜੀ ਦਾ ਜਨਮ 13 ਦਸੰਬਰ, 1877 ਈਸਵੀ ਵਿਚ ਸੰਮਤ 1934 ਦੇ ਪਹਿਲੇ ਵਿਸਾਖ ਨੂੰ ਬੀਬੀ ਇੰਦਰ ਕੌਰ ਦੀ ਕੁੱਖੋਂ ਦਿਆਲ ਸਿੰਘ ਦੇ ਘਰ ਦਦੇਹਰ ਸਾਹਿਬ ਵਿਖੇ ਹੋਇਆ। ਪਹਿਲੀ ਵਿਸਾਖ ਨੂੰ ਜਨਮ ਹੋਣ ਕਾਰਣ ਉਨ੍ਹਾਂ ਦਾ ਨਾਂ ਉਨ੍ਹਾਂ ਦੇ ਤਾਏ ਖੁਸ਼ਹਾਲ ਸਿੰਘ ਵੱਲੋਂ ਵਿਸਾਖਾ ਸਿੰਘ ਰੱਖਿਆ ਗਿਆ। ਉਨ੍ਹਾਂ ਮੁੱਢਲੀ ਪੜ੍ਹਾਈ ਪਿੰਡ ਦੇ ਗ੍ਰੰਥੀ ਈਸ਼ਰ ਦਾਸ ਤੋਂ ਹਾਸਲ ਕੀਤੀ। 19 ਸਾਲ ਦੀ ਉਮਰ ਵਿੱਚ ਜਿਹਲਮ ਜਾ ਕੇ 11 ਨੰਬਰ ਰਸਾਲੇ ਵਿੱਚ ਭਰਤੀ ਹੋ ਗਏ। ਉਹ ਲੰਮੀ ਦੌੜ ਤੇ ਲੰਮੀ ਛਾਲ ਵਿੱਚ ਸਭ ਤੋਂ ਅੱਗੇ ਰਹਿੰਦੇ। ਬੰਦੂਕ ਦੇ ਨਿਸ਼ਾਨੇ ਵਿੱਚ ਅੰਗਰੇਜ਼ ਅਫਸਰ ਨੂੰ ਹਰਾ ਦਿੱਤਾ। ਸ਼ਾਂਤ ਤੇ ਧਾਰਮਿਕ ਬਿਰਤੀ ਹੋਣ ਕਰਕੇ ਘੋੜਸਵਾਰੀ ਵਿੱਚ ਜਿੱਤੇ 75 ਰੁਪਏ ਦਾ ਸਾਮਾਨ ਹਰਿਮੰਦਰ ਸਾਹਿਬ ਭੇਟ ਕਰ ਦਿੱਤਾ।
1907 ਵਿੱਚ ‘ਪਗੜੀ ਸੰਭਾਲ ਜੱਟਾ’ ਲਹਿਰ ਦੌਰਾਨ ਰਾਵਲਪਿੰਡੀ ਦੇ ਜਲਸੇ ਵਿੱਚ ਦੇਸ਼ ਭਗਤ ਅਜੀਤ ਸਿੰਘ ਦੀ ਤਕਰੀਰ ਤੋਂ ਬਹੁਤ ਪ੍ਰਭਾਵਤ ਹੋਏ। ਇਸ ਤੋਂ ਬਾਅਦ ਅਫਸਰਾਂ ਦੀ ਗੁਲਾਮੀ ਕਰਨ ਤੋਂ ਇਨਕਾਰ ਕਰਕੇ ਅਸਤੀਫਾ ਦੇ ਕੇ ਪਿੰਡ ਆ ਗਏ। ਬਾਬਾ ਜੀ ਦੀ ਧਰਮਪਤਨੀ ਬੀਬੀ ਰਾਮ ਕੌਰ ਦਾ ਵਿਆਹ ਤੋਂ ਚਾਰ ਸਾਲ ਬਾਅਦ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਕੋਈ ਸੰਤਾਨ ਨਹੀਂ ਸੀ ਤੇ ਉਹ ਆਪਣੇ ਸਾਥੀਆਂ ਨਾਲ ਕਲਕੱਤਾ, ਸਿੰਘਾਪੁਰ, ਹਾਂਗਕਾਂਗ ਹੁੰਦੇ ਹੋਏ ਸ਼ਿੰਘਈ ਜਾ ਕੇ ਪੁਲਿਸ ‘ਚ ਭਰਤੀ ਹੋ ਗਏ। ਇਥੇ ਵੀ ਅਫਸਰੀ ਨਾ ਝੱਲਦੇ ਹੋਏ ਨੌਕਰੀ ਛੱਡ ਕੇ ਸਾਨਫਰਾਂਸਿਸਕੋ ਪਹੁੰਚ ਗਏ। ਉਥੇ ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕਰਕੇ ਬਾਬਾ ਜਵਾਲਾ ਸਿੰਘ ਠੱਠੀਆਂ (ਬਾਬਾ ਬਕਾਲਾ) ਨਾਲ ਰਲ ਕੇ ਕੈਲੀਫੋਰਨੀਆ ਵਿਚ ਪੰਜ ਸੌ ਏਕੜ ਦਾ ਫਾਰਮ ਲੰਬੀ ਮੁਨਿਆਦ ਲਈ ਠੇਕੇ ‘ਤੇ ਲੈ ਕੇ ਵਾਹੀ ਤੇ ਬਾਬਾ ਸੋਹਨ ਸਿੰਘ ਭਕਨਾ ਤੇ ਲਾਲਾ ਹਰਦਿਆਲ ਨਾਲ ਤਾਲਮੇਲ ਹੋਇਆ।
ਇਨ੍ਹਾਂ ਨਾਲ ਰਲ ਕੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਗਦਰ ਪਾਰਟੀ ਦਾ ਗਠਨ ਕੀਤਾ। ਪਹਿਲੀ ਵਿਸ਼ਵ ਜੰਗ ਸ਼ੁਰੂ ਹੁੰਦਿਆਂ ਹੀ ਗੱਦਰੀ ਸਾਥੀਆਂ ਨਾਲ ਹਿੰਦ ਨੂੰ ਆਜ਼ਾਦ ਕਰਾਉਣ ਲਈ ਚਲ ਪਏ।
ਆਉਂਦੇ ਸਾਰ ਸਾਥੀਆਂ ਨਾਲ ਜਹਾਜ਼ ਤੋਂ ਫੜੇ ਗਏ, ਉਨ੍ਹਾਂ ਨੂੰ 13/9/1915 ਨੂੰ ਕਾਲੇ ਪਾਣੀ ਦੀ ਉਮਰ ਕੈਦ ਹੋਈ ਤੇ ਜਾਇਦਾਦ ਜ਼ਬਤ ਕਰ ਲਈ ਗਈ।
ਸਿਹਤ ਖਰਾਬ ਹੋਣ ‘ਤੇ 14/4/1920 ਨੂੰ ਰਿਹਾਅ ਹੋਣ ‘ਤੇ ਪਿੰਡ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਦੂਜੇ ਸਿੱਖ ਲੀਗ ਸਮਾਗਮ ਵਿੱਚ ਬਾਬਾ ਜੀ ਪ੍ਰਧਾਨ ਖੜਕ ਸਿੰਘ ਨੂੰ ਮਿਲ ਕੇ ਦੇਸ਼ ਭਗਤਾਂ ਦੀਆਂ ਜੇਲ੍ਹਾਂ ਵਿੱਚ ਤਕਲੀਫਾਂ ਬਾਰੇ ਕੁਝ ਉਦੇਸ਼ ਉਲੀਕੇ ਗਏ।
1. ਰਿਹਾਈ ਲਈ ਯਤਨ 2. ਦੂਰ ਦੁਰਾਡੇ ਜੇਲ੍ਹਾਂ ਵਿੱਚ ਬੈਠੇ ਦੇਸ਼ ਭਗਤਾਂ ਨਾਲ ਪਰਿਵਾਰਿਕ ਤੇ ਹੋਰ ਸੁਨੇਹੇ ਪਹੁੰਚਾਉਣੇ। 3 ਪਰਿਵਾਰਾਂ ਦੀ ਆਰਥਿਕ ਮਦਦ ਕਰਨੀ।
ਉਸ ਸਮੇਂ ਉਗਰਾਹੀ ਕਰਕੇ ਬਾਬਾ ਜੀ ਵੱਖ ਵੱਖ ਜੇਲ੍ਹਾਂ ਵਿੱਚ ਦੇਸ਼ ਭਗਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੇ।
ਕੁਝ ਚਿਰ ਬਾਅਦ ਗੁਰੂ ਕੇ ਬਾਗ ਦਾ ਮੋਰਚਾ ਸ਼ੁਰੂ ਹੋ ਗਿਆ। ਉਥੇ ਸੌ ਸਿੰਘਾਂ ਦਾ ਜਥਾ ਲੈ ਕੇ ਗਏ। ਤਰਨ ਤਾਰਨ ਦੇ ਸਰੋਵਰ ਦੀ ਕਾਰ ਸੇਵਾ ਤੇ ਪੰਜਾ ਸਾਹਿਬ ਦੇ ਗੁਰਦੁਆਰੇ ਦੇ ਨੀਂਹ ਪੱਥਰ ਰੱਖਣ ਵਾਲੇ ਪੰਜ ਪਿਆਰਿਆਂ ਵਿੱਚ ਸ਼ਾਮਲ ਸਨ। ਅਕਤੂਬਰ 1934 ਨੂੰ ਅਕਾਲ ਤਖਤ ਦੇ ਜੱਥੇਦਾਰ ਬਣਾਇਆ ਗਿਆ ਪਰ ਦਸੰਬਰ ਵਿੱਚ ਸਰਕਾਰੀ ਅਫਸਰ ਨੂੰ ਗੈਰਹਾਜ਼ਰੀ ਵਿੱਚ ਸਿਰੋਪਾ ਦੇਣ ‘ਤੇ ਉਨ੍ਹਾਂ ਅਸਤੀਫਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਦਿੱਤਾ ਸੀ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 17 ਨਵੰਬਰ 2020 ਨੂੰ ਸ਼ਤਾਬਦੀ ਮਨਾਉਣ ਲਈ ਇਕ ਮਹਾ ਸੰਮੇਲਨ ਮੰਜੀ ਸਾਹਿਬ ਦੀਵਾਨ ਹਾਲ (ਅੰਮ੍ਰਿਤਸਰ) ਵਿਚ ਕੀਤਾ ਗਿਆ। ਇਸ ਮਹਾ ਸੰਮੇਲਨ ਵਿੱਚ ਬਾਬਾ ਵਿਸਾਖਾ ਸਿੰਘ ਵਰਗੀ ਸਖਸ਼ੀਅਤ ਦਾ ਜ਼ਿਕਰ ਤਕ ਨਾ ਕਰਨਾ ਬਹੁਤ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਪਦਵੀਆਂ ਅਤੇ ਸੁਖ ਸਹੂਲਤਾਂ ਦੇ ਲੋਭ ਇਹ ਸਭ ਕੁਝ ਅਣਗੌਲਿਆ ਕੀਤਾ ਜਾ ਰਿਹਾ ਹੈ?
ਦੂਜੀ ਜੰਗ ਲੱਗਣ ‘ਤੇ ਬਾਬਾ ਜੀ ਨੂੰ ਹੋਰ ਦੇਸ਼ ਭਗਤਾਂ ਨਾਲ ਗ੍ਰਿਫਤਾਰ ਕਰਕੇ ਦਿਉਲੀ ਕੈਂਪ ਜੇਲ੍ਹ ਭੇਜ ਦਿੱਤਾ ਜਿਥੇ ਗਦਰੀ ਤੇ ਕਮਿਊਨਿਸਟ ਆਗੂ ਕੈਦ ਸਨ। ਭੁੱਖ ਹੜਤਾਲ ਤੇ ਸਿਹਤ ਖਰਾਬ ਹੋਣ ਤੇ 1941 ਵਿੱਚ ਰਿਹਾ ਹੋਣ ਤੇ 1942 ਵਿਚ ਫਿਰ ਫੜ ਕੇ ਮੁਲਤਾਨ ਤੇ ਧਰਮਸ਼ਾਲਾ ਭੇਜ ਦਿੱਤਾ। 24/7/1942 ਨੂੰ ਸਿਹਤ ਜਿਆਦਾ ਖਰਾਬ ਹੋ ਗਈ ਤੇ ਰਿਹਾਅ ਕਰ ਦਿੱਤਾ। ਦੇਸ ਭਗਤਾਂ ਦੇ ਪਰਿਵਾਰਾਂ ਦੀ ਮਦਦ ਲਈ ਬਣੀ ਸਹਾਇਕ ਕਮੇਟੀ ਤੇ ਫਿਰ ਦੇਸ਼ ਭਗਤ ਯਾਦਗਾਰ ਟਰੱਸਟ ਦੇ ਪ੍ਰਧਾਨ ਬਣੇ।
5/12/1957 ਨੂੰ ਤਰਨ ਤਾਰਨ ਵਿਖੇ ਉਹਨਾਂ ਦੇ ਦੇਹਾਂਤ ਉਪਰੰਤ ਪਿੰਡ ਦਦੇਹਰ ਸਾਹਿਬ ਵਿਖੇ ਲਿਜਾ ਕੇ ਸਸਕਾਰ ਕੀਤਾ ਗਿਆ। ਹਰ ਸਾਲ ਪੰਜ ਦਸੰਬਰ ਨੂੰ ਉਨ੍ਹਾਂ ਦੀ ਬਰਸੀ ਮਨਾਈ ਜਾਂਦੀ ਹੈ।
ਦਦੇਹਰ ਦੇ ਬਾਬਾ ਵਿਸਾਖਾ ਸਿੰਘ ਸਪੁੱਤਰ ਈਸ਼ਰ ਸਿੰਘ ਨੂੰ ਵੀ ਉਮਰ ਕੈਦ ਤੇ ਕਾਲੇ ਪਾਣੀ ਦੀ ਸ਼ਜਾ ਹੋਈ ਸੀ ਤੇ ਇਹ ਪਾਰਟੀ ਵਿੱਚ ਬਹੁਤ ਸਰਗਰਮ ਰਹੇ। ਬਿਸ਼ਨ ਸਿੰਘ ਪੁੱਤਰ ਜਵਾਲਾ ਸਿੰਘ, ਬਿਸ਼ਨ ਸਿੰਘ ਪੁੱਤਰ ਕੇਸਰ ਸਿੰਘ, ਹਜ਼ਾਰਾ ਸਿੰਘ ਪੁੱਤਰ ਬੇਲਾ ਸਿੰਘ ਆਦਿ ਗਦਰ ਲਹਿਰ ਦੇ ਯੋਧੇ ਹੋਏ ਹਨ ਤੇ ਸੁਰੈਣ ਸਿੰਘ ਪੁੱਤਰ ਜਵਾਲਾ ਸਿੰਘ ਕਾਮਾਗਾਟਾ ਮਾਰੂ ਜਹਾਜ਼ ਦੇ ਸਾਕੇ ‘ਚ ਸ਼ਹੀਦ ਹੋਏ।