-ਅਮਰਜੀਤ ਸਿੰਘ
ਝੁਲਸ ਰੋਗ ਇੱਕ ਬਹੁਤ ਹੀ ਭਿਆਨਕ ਬਿਮਾਰੀ ਹੈ ਜੋ ਕਿ ਪੰਜਾਬ ਵਿੱਚ ਆਲੂਆਂ ਦੀ ਫਸਲ ਦਾ ਬਹੁਤ ਨੁਕਸਾਨ ਕਰਦੀ ਹੈ ਅਤੇ ਜੇਕਰ ਸਹੀ ਸਮੇਂ ਤੇ ਇਸ ਬਿਮਾਰੀ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਇਸਦੇ ਹੱਲੇ ਨਾਲ ਬਹੁਤ ਥੌੜੇ ਸਮੇਂ ਵਿੱਚ ਹੀ ਆਲੂਆਂ ਦੀ ਫਸਲ ਤਬਾਹ ਹੋ ਜਾਂਦੀ ਹੈ ।ਇਸ ਬਿਮਾਰੀ ਕਰਕੇ ਸਿਰਫ ਝਾੜ ਤੇ ਹੀ ਮਾੜਾ ਅਸਰ ਨਹੀਂ ਪੈਂਦਾ ਸਗੋਂ ਆਲੂਆਂ ਦੀ ਕੁਆਲਟੀ ਤੇ ਵੀ ਮਾੜਾ ਅਸਰ ਪੈਂਦਾ ਹੈ ।ਇਹ ਰੋਗ ਫਾਈਟੋਪਥੋਰਾ ਨਾਮਕ ਉੱਲੀ ਕਰਕੇ ਹੁੰਦਾ ਹੈ। ਜੇਕਰ ਭਾਰਤ ਪੱਖੋ ਦੇਖਿਆ ਜਾਵੇ ਤਾਂ ਆਲੂਆਂ ਦਾ ਉਤਪਾਦਨ ਪਿਛੇਤਾ ਝੁਲਸ ਰੋਗ ਕਰਕੇ 5-90 ਪ੍ਰਤੀਸ਼ਤ ਘੱਟ ਜਾਂਦਾ ਹੈ, ਜਿਹੜਾ ਕੁੱਲ ਝਾੜ ਦਾ ਔਸਤ 15 ਫੀਸਦੀ ਬਣਦਾ ਹੈ। ਪੰਜਾਬ ਵਿਖੇ ਬਿਮਾਰੀ ਦੇ ਗੰਭੀਰ ਹਮਲੇ ਵਾਲੇ ਸਾਲਾਂ ਦੌਰਾਨ ਸਾਡੇ ਆਲੂ ਉਤਪਾਦਕਾਂ ਦਾ 80 ਪ੍ਰਤੀਸ਼ਤ ਤੱਕ ਝਾੜ ਦਾ ਨੁਕਸਾਨ ਹੋਇਆ ਹੈ । ਝੁਲਸ ਰੋਗ ਦੀ ਬਿਮਾਰੀ ਦਾ ਹਮਲਾ ਜ਼ਿਲ੍ਹਾ ਹੁਸ਼ਿਆਰਪੁਰ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਰੂਪਨਗਰ ਅਤੇ ਅਮ੍ਰਿੰਤਸਰ ਵਿੱਚ ਲਗਾਤਾਰ ਵੇਖਣ ਨੂੰ ਮਿਲਦਾ ਹੈ। ਪੌਦਾ ਰੋਗ ਵਿਭਾਗ ਵੱਲੋਂ ਕੀਤੇ ਗਏ ਲਗਾਤਾਰ ਸਰਵੇਖਣ ਨਾਲ ਪੰਜਾਬ ਵਿੱਚ ਬਿਮਾਰੀ ਵਾਲੇ ਅਤੇ ਬਿਮਾਰੀ ਰਹਿਤ ਖੇਤਰਾਂ ਦਾ ਪਤਾ ਲਗਾਉਣ ਵਿੱਚ ਬਹੁਤ ਯੋਗਦਾਨ ਰਿਹਾ। ਪਿਛਲੇ ਕਈ ਸਾਲਾਂ ਦੇ ਸਰਵੇਖਣ ਤੋਂ ਇਹ ਪਾਇਆ ਗਿਆ ਹੈ ਕਿ ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਇਸ ਬਿਮਾਰੀ ਦਾ ਹਮਲਾ ਵਧੇਰੇ ਹੁੰਦਾ ਹੈ। ਜਿਆਦਾਤਰ ਇਹ ਬਿਮਾਰੀ ਹੁਸ਼ਿਆਰਪੁਰ ਦੇ ਕੁਝ ਜ਼ਿਲ੍ਹੇ ਜਿਵੇਂ ਕਿ ਸ਼ਾਮ ਚੁਰਾਸੀ, ਮੇਹਤੀਆਣਾ, ਫੁੱਗਲਾਣਾ, ਅਤੇ ਟਾਂਢੇ ਦੇ ਨੇੜਲੇ ਇਲਾਕਿਆਂ ਵਿੱਚ ਸ਼ੁਰੂ ਹੁੰਦੀ ਹੈ ਅਤੇ ਅਨੁਕੂਲ ਮੌਸਮੀ ਹਾਲਤਾਂ ਵਿੱਚ ਇਨ੍ਹਾਂ ਇਲਾਕਿਆਂ ਵਿੱਚੋਂ ਦੂਜੇ ਇਲਾਕਿਆਂ ਵਿੱਚ ਫੈਲ ਜਾਂਦੀ ਹੈ। ਲੁਧਿਆਣਾ, ਪਟਿਆਲਾ, ਫਤਿਹਗੜ੍ਹ ਸਾਹਿਬ, ਮੋਗਾ ਅਤੇ ਸੰਗਰੂਰ ਵਿੱਚ ਇਸ ਬਿਮਾਰੀ ਦਾ ਹਮਲਾ ਮੱਧਮ ਤੀਬਰਤਾ ਦਾ ਪਾਇਆ ਜਾਂਦਾ ਹੈ ਜਦੋਂ ਕਿ ਦੱਖਣ ਪੱਛਮੀ ਜ਼ਿਲ੍ਹੇ ਜਿਵੇਂ ਕਿ ਬਠਿੰਡਾ, ਫਰੀਦਕੋਟ ਅਤੇ ਫਿਰੋਜ਼ਪੁਰ ਵਿੱਚ ਇਸ ਦਾ ਹਮਲਾ ਬਹੁਤ ਘੱਟ ਹੁੰਦਾ ਹੈ ।ਸਾਲ 2019-20 ਦੌਰਾਨ ਹੁਸ਼ਿਆਰਪੁਰ ਦੇ ਜ਼ਿਲੇ ਹਰਿਆਨਾ, ਸ਼ਾਮ ਚੁਰਾਸੀ, ਮੋਹਾਂ, ਖਨੌੜਾ, ਆਦਮਵਾਲ, ਟਾਂਡਾ ਵਿੱਚ ਇਸ ਬਿਮਾਰੀ ਦਾ ਹਮਲਾ ਘੱਟ ਤੋਂ ਮੱਧਮ ਮਾਤਰਾ ਵਿੱਚ ਪਾਇਆ ਗਿਆ ਜਦਕਿ ਜਲੰਧਰ ਦੇ ਜ਼ਿਲ੍ਹੇ ਜਿਵੇਂ ਕਿ ਕੰਗ ਸਾਬੋ ਸਿੰਘ ਅਤੇ ਪ੍ਰਤਾਪ ਪੁਰਾ ਵੱਚ ਇਸ ਬਿਮਾਰੀ ਦਾ ਹਮਲਾ ਘੱਟ ਮਿਕਦਾਰ ਵਿੱਚ ਵੇਖਣ ਨੂੰ ਮਿਲਿਆ।
ਅਨੁਕੂਲ ਮੌਸਮੀ ਹਾਲਾਤ (ਤਾਪਮਾਨ ਅਤੇ ਨਮੀਂ) ਪਿਛੇਤੇ ਝੁਲਸ ਰੋਗ ਨੂੰ ਵਧਾਉਣ ਵਿੱਚ ਬੜਾ ਹੀ ਅਹਿਮ ਭੂਮਿਕਾ ਅਦਾ ਕਰਦੇ ਹਨ । ਪੰਜਾਬ ਵਿੱਚ ਪਿਛੇਤਾ ਝੁਲਸ ਰੋਗ ਦਾ ਹਮਲਾ ਅੱਧ ਨਵੰਬਰ ਦੇ ਨੇੜੇ-ਤੇੜੇ ਜਦੋਂ ਕਿ ਫਸਲ 40 ਤੋਂ 50 ਦਿਨਾਂ ਦੀ ਹੋਵੇ ਉਦੋਂ ਸ਼ੁਰੂ ਹੁੰਦਾ ਹੈ । ਸਤੰਬਰ ਵਿੱਚ ਲੱਗੀ ਹੋਈ ਕੱਚੀ ਪੁਟਾਈ ਵਾਲੀ ਅਗੇਤੀ ਆਲੂਆਂ ਦੀ ਫਸਲ ਤੇ ਇਸ ਰੋਗ ਦਾ ਹਮਲਾ ਘੱਟ ਹੁੰਦਾ ਹੈ ਕਿਉਂਕਿ ਉਸ ਸਮੇਂ ਮੌਸਮ ਗਰਮ ਰਹਿੰਦਾ ਹੈ । ਅਕਤੂਬਰ ਵਿੱਚ ਬੀਜੀ ਗਈ ਆਲੂ ਦੀ ਮੁੱਖ ਫਸਲ ਅਤੇ ਬਹਾਰ ਰੁੱਤ ਦੀ ਫਸਲ ਤੇ ਇਸ ਬਿਮਾਰੀ ਦਾ ਹਮਲਾ ਅਨੁਕੂਲ ਮੌਸਮੀ ਹਾਲਤਾਂ ਕਰਕੇ ਵਧੇਰੇ ਹੁੰਦਾ ਹੈ। ਉਸ ਸਮੇਂ ਦੌਰਾਨ ਹਵਾ ਵਿਚਲਾ ਤਾਪਮਾਨ 15 ਤੋਂ 28 ਡਿਗਰੀ ਸੈਂਟੀਗ੍ਰੇਡ ਅਤੇ ਨਮੀਂ ਦੀ ਮਾਤਰਾ 65-80 ਪ੍ਰਤੀਸ਼ਤ ਤੱਕ ਹੁੰਦੀ ਹੈ ਅਤੇ ਰਾਤ ਸਮੇਂ ਤਰੇਲ ਪੈਂਦੀ ਹੈ। ਇਨ੍ਹਾਂ ਹਾਲਤਾਂ ਵਿੱਚ ਇਸ ਰੋਗ ਦਾ ਹਮਲਾ ਮੱਧਮ ਤੇ ਕੁਝ ਖੇਤਾਂ ਵਿੱਚ ਹੀ ਰਹਿੰਦਾ ਹੈ ਪ੍ਰੰਤੂ ਜਦੋਂ ਨਵੰਬਰ ਤੋਂ ਦਸੰਬਰ ਸਰਦੀ ਦੇ ਮੌਸਮ ਦੌਰਾਨ ਮੀਂਹ ਪੈਂਦਾ ਹੈ ਤਾਂ ਹਵਾ ਵਿਚਲੀ ਨਮੀਂ ਦੀ ਮਾਤਰਾ 90 ਪ੍ਰਤੀਸ਼ਤ ਤੋਂ ਜਿਆਦਾ ਹੋ ਜਾਂਦੀ ਹੈ ਅਤੇ ਨਾਲ ਹੀ ਨਾਲ ਦਿਨ ਵੇਲੇ ਬੱਦਲਵਾਈ ਜਾਂ 6-7 ਦਿਨ ਲਈ ਧੁੰਦ ਪਵੇ ਅਤੇ ਤਾਪਮਾਨ 10-20 ਡਿਗਰੀ ਸੈਲਸੀਅਸ ਰਹਿੰਦਾ ਹੋਵੇ ਤਾਂ ਪਿਛੇਤਾ ਝੁਲਸ ਰੋਗ ਪੱਤਿਆਂ ਅਤੇ ਤਣਿਆਂ ਉੱਤੇ ਵੇਖਿਆ ਜਾ ਸਕਦਾ ਹੈ ਅਤੇ ਇਸ ਉੱਲੀ ਦੇ ਕਣ ਹਵਾ ਨਾਲ ਉੱਡ ਕੇ ਨੇੜਲੇ ਬੂਟੇ ਅਤੇ ਖੇਤਾਂ ਵਿੱਚ ਬਿਮਾਰੀ ਫੈਲਾਅ ਦਿੰਦੇ ਹਨ।ਇਸ ਕਰਕੇ ਸਰਦੀ ਦੀ ਰੁੱਤ ਵਿੱਚ ਮੀਂਹ ਤੋਂ ਤੁਰੰਤ ਬਾਅਦ ਇਸ ਰੋਗ ਲਈ ਸਮੇਂ-ਸਮੇਂ ਤੇ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਖੇਤ ਵਿੱਚ ਝੁਲਸ ਰੋਗ ਦੇ ਲੱਛਣਾਂ ਦਾ ਪਤਾ ਲੱਗ ਸਕੇ।ਸਭ ਤੋਂ ਪਹਿਲਾਂ ਬਿਮਾਰੀ ਦੇ ਲੱਛਣ ਹੇਠਲੇ ਪੱਤਿਆਂ ਤੇ ਨਜਰ ਆਉਂਦੇ ਹਨ । ਸ਼ੁਰੂ ਵਿੱਚ ਬਿਮਾਰੀ ਦੇ ਹਮਲੇ ਨਾਲ ਪਹਿਲਾਂ ਪੱਤਿਆਂ ਦੇ ਕਿਨਾਰਿਆਂ ਤੇ ਪਾਣੀ ਭਿੱਜੇ ਦਾਗ ਪੈ ਜਾਂਦੇ ਹਨ ਜੋ ਕਿ ਵੱਡੇ ਹੋ ਕੇ ਕਾਲੇ ਭੂਰੇ ਰੰਗ ਵਿੱਚ ਤਬਦੀਲ ਹੋ ਜਾਂਦੇ ਹਨ। ਨਮੀਂ ਭਰੇ ਦਿਨਾਂ ਵਿੱਚ ਸਵੇਰ ਵੇਲੇ ਚਿੱਟੇ ਰੰਗ ਦੀ ਉੱਲੀ ਇਨ੍ਹਾਂ ਧੱਬਿਆਂ ਦੇ ਹੇਠਲੇ ਪਾਸੇ ਪ੍ਰਤੱਖ ਦਿਖਾਈ ਦਿੰਦੀ ਹੈ। ਬਾਅਦ ਵਿੱਚ ਤਣੇ ਅਤੇ ਪੱਤਿਆਂ ਦੀਆਂ ਡੰਡੀਆਂ ਉੱਤੇ ਵੀ ਭੂਰੇ ਰੰਗ ਦੀਆਂ ਲੰਬੀਆਂ ਧਾਰੀਆਂ ਵਾਲੇ ਦਾਗ ਪੈ ਜਾਂਦੇ ਹਨ। ਭਾਰੀ ਬਰਸਾਤਾਂ ਉੱਲੀ ਵਾਲੇ ਕਣਾਂ ਨੂੰ ਪੱਤਿਆਂ ਤੋਂ ਧੋ ਕੇ ਮਿੱਟੀ ਵਿੱਚ ਰਲਾ ਦਿੰਦੀਆਂ ਅਤੇ ਆਲੂਆਂ ਨੂੰ ਬਿਮਾਰੀ ਦੀ ਲਾਗ ਲੱਗ ਜਾਂਦੀ ਹੈ।
ਝੁਲਸ ਰੋਗ ਦੀ ਸ਼ੁਰੂਆਤ ਬਿਮਾਰੀ ਵਾਲੇ ਆਲੂਆਂ ਦੇ ਬੀਜ ਤੋਂ ਸ਼ੁਰੂ ਹੁੰਦੀ ਹੈ। ਰੋਗੀ ਆਲੂਆਂ ਉੱਪਰ ਬੇਢੰਗੇ ਭੂਰੇ ਰੰਗ ਦੇ ਦਾਗ ਇਸ ਬਿਮਾਰੀ ਦੇ ਲੱਛਣ ਹਨ। ਲਾਲ ਆਲੂਆਂ ਉੱਤੇ ਇਸ ਬਿਮਾਰੀ ਦੇ ਲੱਛਣ ਘੱਟ ਨਜ਼ਰ ਆਉਂਦੇ ਹਨ। ਬਿਮਾਰੀ ਦੇ ਲੱਛਣ ਠੰਡੇ ਗੋਦਾਮਾਂ ਵਿੱਚੋਂ ਕੱਢੇ ਗਏ ਇਹ ਰੋਗੀ ਆਲੂ ਇਸ ਬਿਮਾਰੀ ਦੇ ਮੁੱਢਲੇ ਕਾਰਨ ਬਣਦੇ ਹਨ।ਆਲੂਆਂ ਦੀ ਛਾਂਟੀ ਤੋਂ ਬਾਅਦ ਸੋਮਾ ਬਿਮਾਰੀ ਵਾਲੇ ਆਲੂ ਗੋਦਾਮਾਂ ਦੇ ਨੇੜੇ ਹੀ ਸੁੱਟ ਦਿੱਤੇ ਜਾਂਦੇ ਹਨ ਜੋ ਕਿ ਬਿਮਾਰੀ ਫੈਲਾਉਣ ਦਾ ਮੁੱੱਖ ਕਾਰਨ ਬਣਦੇ ਹਨ। ਇਸ ਕਰਕੇ ਪੌਦਾ ਰੋਗ ਵਿਭਾਗ ਵੱਲੋਂ ਸਮੇਂ -ਸਮੇਂ ਸਿਰ ਪਿਛੇਤੇ ਝੁਲਸ ਰੋਗ ਲਈ ਚਲਾਈਆਂ ਗਈਆਂ ਮੁਹਿੰਮਾਂ ਰਾਹੀਂ ਲਗਾਤਾਰ ਇਸ ਗੱਲ ਉੱਪਰ ਜੋਰ ਦਿੱਤਾ ਜਾਂਦਾ ਹੈ ਕਿ ਇਨ੍ਹਾਂ ਬਿਮਾਰੀ ਵਾਲੇ ਆਲੂਆਂ ਨੂੰ ਠੰਡੇ ਗੋਦਾਮਾਂ ਵਿੱਚੋਂ ਕੱਢਣ ਤੋਂ ਬਾਅਦ ਖੇਤਾਂ ਤੋਂ ਪਰੇ ਮਿੱਟੀ ਵਿੱਚ ਦੱਬ ਕੇ ਨਸ਼ਟ ਕਰ ਦਿਓ। ਇਹ ਨੀਤੀ ਅਪਣਾਉਣ ਨਾਲ ਅਸੀਂ ਆਲੂਆਂ ਨੂੰ ਬਿਮਾਰੀ ਦੀ ਮੁੱਢਲੀ ਲਾਗ ਤੋਂ ਬਚਾ ਕੇ ਆਪਣੇ ਖੇਤਾਂ ਵਿੱਚ ਅੱਗੇ ਫੈਲਣ ਤੋਂ ਰੋਕ ਸਕਦੇ ਹਾਂ। ਆਲੂਆਂ ਨੂੰ ਬਿਮਾਰੀ ਦੀ ਲਾਗ ਤੋਂ ਬਚਾਉਣ ਲਈ ਸਮੇਂ ਸਿਰ ਵੱਟਾਂ ਤੇ ਮਿੱਟੀ ਚੜਾਉਣੀ ਚਾਹੀਦੀ ਹੈ ਤਾਂ ਜੋ ਵੱਟਾਂ ਮੋਟੀਆਂ ਰਹਿਣ । ਆਲੂਆਂ ਦੀ ਪੁਟਾਈ ਤੋਂ 2-3 ਹਫਤੇ ਪਹਿਲਾਂ, ਬਿਮਾਰੀ ਨਾਲ ਪ੍ਰਭਾਵਿਤ ਬੂਟਿਆਂ ਦੀ ਪਤਰਾਲ ਨੂੰ ਕੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ। ਜਿਸ ਨਾਲ ਬੀਜ ਤੱਕ ਬਿਮਾਰੀ ਪਹੁੰਚਣ ਦਾ ਖਦਸ਼ਾ ਘੱਟ ਜਾਵੇ। ਪਤਰਾਲ ਕੱਟਣ ਦੇ 2-3 ਹਫਤੇ ਬਾਅਦ ਹੀ ਆਲੂਆਂ ਦੀ ਪੁਟਾਈ ਕਰਨੀ ਚਾਹੀਦੀ ਹੈ। ਪਿਛਲੇ ਦਸ ਸਾਲਾਂ ਵਿੱਚ ਪਿਛੇਤੇ ਝੁਲਸ ਰੋਗ ਦਾ ਹਮਲਾ ਮੁਕਾਬਲਤਨ ਘੱਟ ਵੇਖਿਆ ਗਿਆ ਹੈ। ਇਸਦਾ ਮੁੱਖ ਕਾਰਨ ਬਿਮਾਰੀ ਵਾਲੇ ਆਲੂਆਂ ਨੂੰ ਛਾਂਟੀ ਕਰਕੇ ਨਸ਼ਟ ਕਰਨਾ ਅਤੇ ਸਮੇਂ ਸਿਰ ਸਿਫਾਰਿਸ਼ ਕੀਤੇ ਗਏ ਉੱਲੀਨਾਸ਼ਕਾਂ ਦਾ ਛਿੜਕਾਅ ਕਰਕੇ ਬਿਮਾਰੀ ਨੂੰ ਫੈਲਣ ਤੋਂ ਰੋਕਣਾ ਹੈ।
ਸਮੇਂ ਸਿਰ ਉੱਲੀਨਾਸ਼ਕਾਂ ਦਾ ਛਿੜਕਾਅ ਇਸ ਬਿਮਾਰੀ ਦੀ ਰੋਕਥਾਮ ਲਈ ਬਹੁਤ ਕਾਰਗਰ ਸਾਬਿਤ ਹੁੰਦਾ ਹੈ । ਜਿਵੇਂ ਹੀ ਇਸ ਰੋਗ ਦੇ ਲੱਛਣ ਖੇਤ ਵਿੱਚ ਨਜ਼ਰ ਆਉਣ ਤਾਂ ਸਿਫਾਰਿਸ਼ ਕੀਤੇ ਗਏ ਉੱਲੀਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ ।ਇਸ ਬਿਮਾਰੀ ਦੇ ਹਮਲੇ ਦੀ ਸਫਲਤਾਪੂਰਵਕ ਰੋਕਥਾਮ ਉੱਲੀਨਾਸ਼ਕ ਦੇ ਪ੍ਰਭਾਵ ਅਤੇ ਪੱਤਿਆਂ ਉੱਪਰ ਚੰਗੀ ਤਰ੍ਹਾਂ ਸਪਰੇਅ ਤੇ ਨਿਰਭਰ ਕਰਦਾ ਹੈ।ਛਿੜਕਾਅ ਲਈ ਸਹੀ ਨੋਜ਼ਲ (ਕੋਨ) ਅਤੇ ਪੂਰੇ ਪਾਣੀ ਦਾ ਇਸਤੇਮਾਲ ਕਰ ਲੈਣਾ ਚਾਹੀਦਾ ਹੈ । ਫਸਲ ਤੇ ਐਂਟਰਾਕੋਲ/ ਕਵਚ/ ਇਡੋਫਿਲ ਐਮ-45/ਮਾਸਐਮ-45/ਮਾਰਕਜ਼ੈਬ 500-700 ਗ੍ਰਾਮ ਜਾਂ ਮਾਰਕਕਾਪਰ/ਕਾਪਰਆਕਸੀਕਲੋਰਾਈਡ 50 ਡਬਲਯੂ ਪੀ 750 ਤੋਂ 1000 ਗ੍ਰਾਮ ਪ੍ਰਤੀ ਏਕੜ ਛਿੜਕਾਅ 250-350 ਲਿਟਰ ਪਾਣੀ ਵਿੱਚ ਘੋਲ ਕੇ ਬਿਮਾਰੀ ਆਉਣ ਤੋਂ ਪਹਿਲਾਂ ਕਰੋ । ਸੱਤ-ਸੱਤ ਦਿਨ ਦੀ ਵਿੱਥ ਤੇ ਇਸ ਛਿੜਕਾਅ ਨੂੰ ਪੰਜ ਵਾਰ ਦੁਹਰਾਓ । ਭਾਰੀ ਬਰਸਾਤਾਂ, ਧੁੰਦਾਂ ਅਤੇ ਬੱਦਲਵਾਈ ਵਾਲੇ ਮੌਸਮ ਦੌਰਾਨ ਕਵਚ/ਐਂਟਰਾਕੋਲ/ਇਡੋਫਿਲ ਐਮ-45 ਦੀ ਥਾਂ 3-4 ਛਿੜਕਾਅ ਰੀਵਸ 250 ਐਸ ਸੀ 250 ਮਿ.ਲਿ. ਜਾਂ ਸੈਕਟਿਨ 60 ਡਬਲਯੂ ਜੀ ਜਾਂ ਈਕੂਏਸ਼ਣ ਪ੍ਰੋ 200 ਮਿ.ਲਿ. ਜਾਂ ਰਿਡੋਮਿਲ ਗੋਲਡ ਜਾਂ ਮੈਲੀਡਿਊ 700 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ 10 ਦਿਨ ਦੇ ਵਕਫੇ ਤੇ ਕਰੋ ਅਤੇ ਉਸ ਪਿੱਛੋਂ ਫਿਰ ਇੱਕ ਛਿੜਕਾਅ ਲਈ ਕਵਚ/ਐਂਟਰਾਕੋਲ/ਇਡੋਫਿਲ ਐਮ-45 ਹੀ ਵਰਤੋਂ ।ਜੇਕਰ ਪਹਿਲਾਂ ਫਸਲ ਤੇ ਬਿਮਾਰੀ ਆਈ ਹੋਵੇ ਤਾਂ ਪਿਛੇਤੀ ਜਾਂ ਬਹਾਰ ਰੁੱਤ ਦੀ ਫਸਲ ਤੇ ਬਿਮਾਰੀ ਆਉਣ ਦਾ ਖਤਰਾ ਵਧੇਰੇ ਹੁੰਦਾ ਹੈ ਇਸ ਲਈ ਫਸਲ ਤੇ ਪਹਿਲਾਂ ਛਿੜਕਾਅ ਅਤੇ ਜੇਕਰ ਪਿਛੇਤੀ ਜਾਂ ਬਹਾਰ ਰੁੱਤ ਦੀ ਫਸਲ ਤੇ ਬਿਮਾਰੀ ਦਾ ਹਮਲਾ ਹੋ ਜਾਵੇ ਅਤੇ ਚਾਲੂ ਮੌਸਮ ਇਸ ਬਿਮਾਰੀ ਦੇ ਅਨੁਕੂਲ ਹੋਵੇ ਤਾਂ ਫਸਲ ਤੇ ਪਹਿਲਾ ਛਿੜਕਾਅ ਰਿਡੋਮਿਲ ਗੋਲਡ/ਰੀਵਸ 250 ਐਸ ਸੀ 250 ਮਿ.ਲਿ. ਸੈਕਟਿਨ 60 ਡਬਲਯੂ ਜੀ ਜਾਂ ਈਕੂਏਸ਼ਣ ਪ੍ਰੋ 200 ਮਿ.ਲਿ. ਜਾਂ ਰਿਡੋਮਿਲ ਗੋਲਡ ਜਾਂ ਮੈਲੀਡਿਊ 700 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ।ਇਸ ਤੋਂ ਬਾਅਦ ਤਿੰਨ ਛਿੜਕਾਅ ਕਵਚ/ ਐਂਟਰਾਕੋਲ/ਇਡੋਫਿਲ ਐਮ-45 700 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 7 ਦਿਨਾਂ ਦੇ ਵਕਫੇ ਤੇ ਕਰੋ।ਉੱਲੀਨਾਸ਼ਕਾਂ ਦੀ ਕਦੇ ਵੀ ਸਿਫਾਰਿਸ਼ ਨਾਲੋਂ ਘੱਟ ਜਾਂ ਵੱਧ ਮਿਕਦਾਰ ਨਹੀਂ ਵਰਤਣੀ ਚਾਹੀਦੀ । ਆਪਣੇ – ਆਪ ਬਣਾਏ ਗਏ ਟੈਂਕ ਮਿਕਚਰ ਜਿਵੇਂ ਕਿ ਮੈਟਾਮਿਕਸਿਲ ਅਤੇ ਮੈਂਕੋਜ਼ੇਬ ਨਹੀਂ ਵਰਤਣੇ ਚਾਹੀਦੇ। ਕਿਉਂਕਿ ਇਸ ਤਰ੍ਹਾਂ ਕਰਨ ਨਾਲ ਇਨ੍ਹਾਂ ਉੱਲੀਨਾਸ਼ਕਾਂ ਦੀ ਮਿਕਦਾਰ ਘੱਟ ਜਾਂ ਵੱਧ ਹੋ ਸਕਦੀ ਹੈ ਜਿਸ ਕਰਕੇ ਪਿਛੇਤੇ ਝੁਲਸ ਰੋਗ ਦੀ ਉੱਲੀ ਵਿੱਚ ਰੋਗ ਪ੍ਰਤੀਰੋਧਤਾ ਦੀ ਤਾਕਤ ਪੈਦਾ ਹੋ ਸਕਦੀ ਹੈ।
ਸੰਪਰਕ: 70095-73527