ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੇ ਪੈਰ ਦੀ ਹੱਡੀ ਟੁੱਟ ਗਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜੋਅ ਆਪਣੇ ਕੁੱਤੇ ਮੇਜਰ ਦੇ ਨਾਲ ਖੇਡ ਰਹੇ ਸਨ ਤੇ ਉਨ੍ਹਾਂ ਦਾ ਪੈਰ ਫਿਸਲ ਗਿਆ। ਅਧਿਕਾਰੀਆਂ ਮੁਤਾਬਕ ਬਾਇਡਨ ਦੇ ਸੱਜੇ ਪੈਰ ਦੀ ਹੱਡੀ ਵਿਚ ਕਰੈਕ ਆਇਆ ਹੈ। ਉੱਥੇ ਹੀ ਹਾਦਸੇ ਤੋਂ ਬਾਅਦ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਬਾਇਡਨ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ।
Get well soon! https://t.co/B0seiO84ld
— Donald J. Trump (@realDonaldTrump) November 30, 2020
20 ਜਨਵਰੀ ਨੂੰ ਬਾਇਡਨ ਸੰਯੁਕਤ ਰਾਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। 78 ਸਾਲਾ ਦੀ ਉਮਰ ਵਿੱਚ ਉਹ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਸਭ ਤੋਂ ਵੱਧ ਉਮਰ ਵਾਲੇ ਵਿਅਕਤੀ ਹੋਣਗੇ। ਜੋਅ ਬਾਇਡਨ ਕੋਲ ਦੋ ਜਰਮਨ ਸ਼ੈਫਰਡ ਕੁੱਤੇ ਹਨ, ਜਿਨ੍ਹਾਂ ਦਾ ਨਾਮ ਮੇਜਰ ਅਤੇ ਚੈਂਪ ਹੈ। ਜੋਅ ਬਾਇਡਨ ਸਾਲ 2008 ਦੀਆਂ ਚੋਣਾਂ ਤੋਂ ਬਾਅਦ ਆਪਣੇ ਪਹਿਲੇ ਕੁੱਤੇ ਚੈਂਪ ਨੂੰ ਘਰ ਲੈ ਕੇ ਆਏ ਸਨ ਇਸ ਤੋਂ ਬਾਅਦ 2018 ਵਿੱਚ ਉਨ੍ਹਾਂ ਨੇ ਦੂਜੇ ਕੁੱਤੇ ਮੇਜਰ ਨੂੰ ਅਡਾਪਟ ਕੀਤਾ ਸੀ।
ਡਾ.ਕੇਵਿਨ ਓ ਕੋਨਰ ਨੇ ਕਿਹਾ ਕਿ ਉਨ੍ਹਾਂ ਦੇ ਪੈਰ ਵਿੱਚ ਮੋਚ ਆਈ ਹੈ, ਜਿਸ ਕਾਰਨ ਪਹਿਲਾਂ ਐਕਸਰੇ ਵਿੱਚ ਇਹ ਸਾਹਮਣੇ ਨਹੀਂ ਆ ਪਾ ਰਿਹਾ ਸੀ। ਹਾਲਾਂਕਿ ਬਾਅਦ ਵਿਚ ਸੀਟੀ ਸਕੈਨ ਵਿੱਚ ਖੁਲਾਸਾ ਹੋਇਆ ਕਿ ਬਾਇਡਨ ਦੇ ਸੱਜੇ ਪੈਰ ਦੀ ਹੱਡੀ ਟੁੱਟ ਗਈ ਹੈ। ਉਨ੍ਹਾਂ ਨੇ ਕਿਹਾ ਬਾਇਡਨ ਨੂੰ ਆਉਣ ਵਾਲੇ ਕਈ ਹਫ਼ਤਿਆਂ ਤੱਕ ਸਹਾਰਾ ਲੈ ਕੇ ਚੱਲਣਾ ਪੈ ਸਕਦਾ ਹੈ।