ਨਵੀਂ ਦਿੱਲੀ: ਕਿਸਾਨਾਂ ਦੇ ਅੰਦੋਲਨ ਅੱਗੇ ਦਿੱਲੀ ਪੁਲਿਸ ਇੱਕ ਹਿਸਾਬ ਨਾਲ ਝੁੱਕਦੀ ਦਿਖਾਈ ਦੇ ਰਹੀ ਹੈ। ਪਹਿਲਾਂ ਕਿਸਾਨਾਂ ਨੂੰ ਦਿੱਲੀ ‘ਚ ਆਉਣ ਦੀ ਪਰਮਿਸ਼ਨ ਨਹੀਂ ਦਿੱਤੀ ਸੀ ਅਤੇ ਦਿੱਲੀ ਨੂੰ ਲੱਗਦੀਆਂ ਸਾਰੀਆਂ ਸਰਹੱਦਾ ਸੀਲ ਕਰ ਦਿੱਤੀਆਂ ਹਨ। ਹੁਣ ਦਿੱਲੀ ਪੁਲਿਸ ਨੇ ਆਪਣੇ ਸਟੈਂਡ ਬਦਲ ਲਿਆ ਹੈ। ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਬੁਰਾੜੀ ਮੈਦਾਨ ‘ਚ ਧਰਨਾ ਪ੍ਰਦਰਸ਼ਨ ਕਰਨ ਦੀ ਅਨੁਮਤੀ ਦੇ ਦਿੱਤੀ ਹੈ। ਜਿਸ ਤਹਿਤ ਹੁਣ ਕਿਸਾਨਾਂ ਰਾਮ ਲੀਲਾ ਮੈਦਾਨ ਦੀ ਬਜਾਏ ਬੁਰਾੜੀ ਮੈਦਾਨ ਵੱਲ ਕੂਚ ਕਰ ਰਹੇ ਹਨ।
ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਕਿਹਾ ਕਿ ਕਿਸਾਨ ਪੁਲਿਸ ਦੀਆਂ ਗੱਡੀਆਂ ‘ਚ ਸਵਾਰ ਹੋ ਕੇ ਹੀ ਕਿਸਾਨ ਬੁਰਾੜੀ ਮੈਦਾਨ ਜਾ ਸਕਦੇ ਹਨ। ਦਿੱਲੀ ਪੁਲਿਸ ਦੀ ਇਸ ਪੇਸ਼ਕਸ਼ ਨੂੰ ਕਿਸਾਨਾਂ ਨੇ ਠੁਕਰਾਅ ਦਿੱਤਾ। ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣੇ ਟਰੈਕਟਰ ਟਰਾਲੀਆਂ ਸਣੇ ਹੀ ਕੂਚ ਕਰਾਂਗੇ। ਜਿਸ ਤੋਂ ਬਾਅਦ ਕਿਸਾਨ ਆਪਣੀ ਇਸ ਮੰਗ ਨੂੰ ਲੈ ਕੇ ਅੜ ਗਏ ਹਨ।
ਹਾਲਾਂਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਐ ਕਿ ਜੇਕਰ ਟਰੈਕਟਰ ਟਰਾਲੀਆਂ ‘ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਤਾਂ ਇੱਥੇ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ। ਜਿਸ ਬਹਿਸ ਤੋਂ ਬਾਅਦ ਦਿੱਲੀ ਪੁਲਿਸ ਨੇ 500 ਟਰੈਕਟਰਾਂ ਨੂੰ ਹੀ ਅੱਗੇ ਜਾਣ ਦੀ ਪਰਮੀਸ਼ਨ ਦਿੱਤੀ ਹੈ। ਜਿਸ ‘ਤੇ ਕਿਸਾਨਾਂ ਨੇ ਕਿਹਾ ਕਿ ਸਾਡੇ ਨਾਲ 5000 ਤੋਂ ਵੱਧ ਟਰੈਕਟਰ ਹਨ ਤੇ ਸਾਡਾ ਸਾਰਿਆ ਦਾ ਕਾਫਿਲਾ ਇਕੱਠਾ ਹੀ ਅੱਗੇ ਵਧੇਗਾ।