ਨਵੀਂ ਦਿੱਲੀ: ਖੇਤੀ ਕਾਨੂੰਨ ਖਿਲਾਫ਼ ਦਿੱਲੀ ਵੱਲ ਕਿਸਾਨਾਂ ਦਾ ਕੂਚ ਸਿਰੇ ਚੜ੍ਹਦਾ ਦੇਖ ਹਰਿਆਣਾ-ਦਿੱਲੀ ਸਰਹੱਦ ‘ਤੇ ਪੁਲਿਸ ਨੇ ਜ਼ਬਰਦਸਤ ਨਾਕਾਬੰਦੀ ਕਰ ਦਿੱਤੀ। ਜਿਸ ਦੌਰਾਨ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਸਿੰਘੂ ਸਰਹੱਦ ‘ਤੇ ਪੁਲਿਸ ਨੇ ਕਿਸਾਨਾਂ ‘ਤੇ ਲਾਠੀਚਾਰਜ ਕਰ ਦਿੱਤਾ।
ਇਸ ਤੋਂ ਪਹਿਲਾਂ ਕਿਸਾਨਾਂ ਨੂੰ ਰੋਕਣ ਲਈ ਦਿੱਲੀ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਸੀ ਤੇ ਜਿਸ ਨੂੰ ਤੋੜਕੇ ਕਿਸਾਨ ਅੱਗੇ ਵਧਣ ਲੱਗੇ। ਜਿਸ ਤੋਂ ਬਾਅਦ ਪੁਲਿਸ ਨੇ ਪਾਣੀ ਦੀਆਂ ਬੌਛਾੜਾਂ ਕੀਤੀਆਂ ਤੇ ਅਥਰੂ ਗੈਸ ਦੇ ਗੋਲੇ ਦਾਗੇ ਗਏ।
ਪੁਲਿਸ ਦੇ ਇਸ ਤਸ਼ੱਦਦ ਅੱਗੇ ਕਿਸਾਨ ਦਾ ਜੋਸ਼ ਬਰਕਾਰ ਰਿਹਾ। ਵਰਣੀਆਂ ਪਾਣੀ ਦੀਆਂ ਬੌਛਾੜਾਂ ਵਿਚਾਲੇ ਹੀ ਕਿਸਾਨਾਂ ਨੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਦਿੱਲੀ ਪੁਲਿਸ ਦੇ ਬੈਰੀਕੇਡ ਸੜਕ ਤੋਂ ਉਖਾੜ ਕੇ ਸੁੱਟ ਦਿੱਤੇ। ਕਿਸਾਨਾਂ ਨੇ ਦਿੱਲੀ ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਨਖੇਧੀ ਕੀਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਦੇ ਜ਼ੁਲਮ ਢਾਹ ਰਹੀ ਹੈ। ਪਰ ਅਸੀਂ ਆਪਣਾ ਹੱਕ ਲੈ ਕੇ ਰਹਾਂਗੇ ਅਤੇ ਦਿੱਲੀ ਪਹੁੰਚ ਕੇ ਹੀ ਸਾਹ ਲਵਾਂਗੇ। ਸਿੰਘੂ ਸਰਹੱਦ ਦੇ ਨਾਲ ਟਿਕਰੀ ਬੌਰਡਰ ‘ਤੇ ਵੀ ਪੁਲਿਸ ਵੱਲੋਂ ਵਾਟਰ ਕੈਨਨ ਤੇ ਟੀਅਰ ਗੈਸ ਦਾ ਇਸਤੇਮਾਲ ਕਰਨਾ ਪਿਆ। ਇੱਥੇ ਵੀ ਕਿਸਾਨ ਪੁਲਿਸ ਅੱਗੇ ਟਿੱਕੇ ਰਹੇ ਪਰ ਪੁਲਿਸ ਦੀ ਸੁਰੱਖਿਆ ਕਿਸਾਨਾਂ ਅੱਗੇ ਟਿੱਕ ਨਾ ਸਕੀ।