ਸੰਗਰੂਰ: ਦਿੱਲੀ ਚਲੋ ਅੰਦੋਲਨ ਹੇਠ ਹਰਿਆਣਾ ਪੁਲਿਸ ਵੱਲੋਂ ਖਨੌਰੀ-ਡਬਵਾਲੀ ਸਰਹੱਦ ‘ਤੇ ਕਿਸਾਨਾਂ ਨੂੰ ਰੋਕ ਦਿੱਤਾ ਗਿਆ। ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਖਨੌਰੀ-ਡਬਵਾਲੀ ਬਾਰਡਰ ‘ਤੇ ਪੱਕਾ ਧਰਨਾ ਲਗਾ ਦਿੱਤਾ ਗਿਆ। ਹਰਿਆਣਾ ਪੁਲਿਸ ਦੀ ਕਾਰਵਾਈ ਤੋਂ ਤੰਗ ਹੋ ਕਿਸਾਨਾਂ ਨੇ ਸਰਹੱਦ ‘ਤੇ ਹੀ ਧਰਨਾ ਲਗਾ ਦਿੱਤਾ ਹੈ। ਇਸ ਜੱਥੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹ ਪ੍ਰਧਾਨ ਜੋਗਿੰਦਰ ਸਿੰਘ ਕਰ ਰਹੇ ਹਨ।
ਕਿਸਾਨ ਲੀਡਰ ਜੋਗਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰਾਹ ਨਾ ਦਿੱਤੇ ਜਾਣ ਦੀ ਜਿੱਦ ਕਰਕੇ ਹਾਲ ਦੀ ਘੜੀ ਧਰਨਾ ਇਸੇ ਹਾਈਵੇ ‘ਤੇ ਲਗਾ ਦਿੱਤਾ ਗਿਆ ਹੈ। ਸੱਤ ਦਿਨ ਧਰਨਾ ਪ੍ਰਦਰਸ਼ਨ ਇੱਥੇ ਜਾਰੀ ਰਹੇਗਾ। ਉਸ ਤੋਂ ਬਾਅਦ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਅੱਗੇ ਦੀ ਰਣਨੀਤੀ ਘੜੀ ਜਾਵੇਗੀ।
ਖਨੌਰੀ-ਡਬਵਾਲੀ ਬਾਰਡਰ ‘ਤੇ ਵੀ ਵੱਡੀ ਗਿਣਤੀ ‘ਚ ਮਾਲਵੇ ਦੇ ਕਿਸਾਨ ਇੱਕਠਾ ਹੋਏ ਹਨ। ਕਿਸਾਨਾਂ ਦਾ ਰਾਹ ਹਰਿਆਣਾ ਪੁਲਿਸ ਨੇ ਰਾਤ ਤੋਂ ਹੀ ਡੱਕ ਲਿਆ ਸੀ। ਬੀਤੀ ਰਾਤ ਹੀ ਹਰਿਆਣਾ ਪੁਲਿਸ ਨੇ ਵੱਡੀ ਗਿਣਤੀ ‘ਚ ਇੱਥੇ ਫੋਰਸ ਲਗਾ ਦਿੱਤੀ ਅਤੇ ਸਰਹੱਦ ਨੂੰ ਬੈਰੀਕੇਡ ਲਗਾ ਕੇ ਸੀਲ ਕਰ ਦਿੱਤਾ।