ਚੰਡੀਗੜ੍ਹ : ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੀ Z ਪਲੱਸ ਸ਼੍ਰੇਣੀ ਦੀ ਸੁਰੱਖਿਆ ਵਾਪਸ ਲਏ ਜਾਣ ‘ਤੇ ਅਕਾਲੀ ਦਲ ਨੇ ਇਤਰਾਜ਼ ਜਤਾਇਆ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਚੀਮਾ ਨੇ ਕਿਹਾ ਕਿ ਅਚਾਨਕ ਕੇਂਦਰ ਸਰਕਾਰ ਵਲੋਂ ਸੁਰੱਖਿਆ ਵਾਪਸ ਲਏ ਜਾਣ ਦੇ ਇਸ ਕਦਮ ਦੀ ਨਖੇਧੀ ਕਰਦੇ ਹਾਂ। ਦਲਜੀਤ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਫਿਲਮੀ ਸਤਾਰਿਆਂ ਨੂੰ ਸੁਰੱਖਿਆ ਮੁਹੱਈਆ ਕਰਵਾ ਸਕਦੀ ਹੈ ਪਰ ਜਿਹੜੇ ਰਾਜਨੀਤੀ ਨਾਲ ਜੁੜੇ ਹਨ ਜਿਹਨਾਂ ਨੂੰ ਹਰ ਸਮੇਂ ਖਤਰਾ ਰਹਿੰਦਾ ਹੈ ਉਹਨਾਂ ਨੂੰ ਸਕਿਉਰਟੀ ਨਹੀਂ ਦੇ ਸਕਦੇ।
ਚੀਮਾ ਨੇ ਕਿਹਾ ਕਿ ਬਿਕਰਮ ਮਜੀਠੀਆ ਨੂੰ ਸੁਰੱਖਿਆ 2010 ‘ਚ ਯੂਪੀਏ ਦੀ ਸਰਕਾਰ ਨੇ ਦਿੱਤੀ ਸੀ। ਜਦੋਂ ਗ੍ਰਹਿ ਮੰਤਰੀ ਪੀ. ਚਿਦੰਮਬਰਮ ਹੁੰਦੇ ਸਨ। ਉਹਨਾਂ ਨੇ ਬਿਕਰਮ ਮਜੀਠੀਆ ਨੂੰ ਗੰਭੀਰ ਖ਼ਤਰਾ ਦੇਖਦੇ ਹੋਏ ਹੀ ਸੁਰੱਖਿਆ ਮੁਹੱਈਆ ਕੀਤੀ ਸੀ। ਪਰ ਹੁਣ ਮੋਦੀ ਸਰਕਾਰ ਵੱਲੋਂ ਅਚਾਨਕ ਜ਼ੈੱਡ ਪਲੱਸ ਸੁਰੱਖਿਆ ਹਟਾਏ ਜਾਣਾ ਮੰਦਭਾਗਾ ਹੈ।
ਇਸ ਦੇ ਨਾਲ ਹੀ ਦਲਜੀਤ ਚੀਮਾ ਨੇ ਕਿਹਾ ਕਿ ਕਿਸੇ ਵੀ ਰਾਜਨੀਤੀ ਵਿਅਕਤੀ ਦੀ ਸੁਰੱਖਿਆ ਵਧਾਈ ਜਾਂਦੀ ਹੈ ਨਾ ਕਿ ਹਟਾਈ ਜਾਂਦੀ ਹੈ। ਕੀ ਹੁਣ ਬਿਕਰਮ ਮਜੀਠੀਆ ਨੂੰ ਕੋਈ ਖ਼ਤਰਾ ਨਹੀਂ ਜੋ ਕੇਂਦਰ ਨੇ ਅਜਿਹਾ ਕੀਤਾ ਹੈ। ਚੀਮਾ ਨੇ ਤਰਨਤਾਰਨ ਦੇ ਭਿੱਖੀਵਿੰਡ ‘ਚ ਮਾਰੇ ਗਏ ਕਾਮਰੇਡ ਬਲਵਿੰਦਰ ਸਿੰਧੂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ, ਉਹਨਾਂ ਦੀ ਵੀ ਸੁਰੱਖਿਆ ਹਟਾ ਲਈ ਗਈ ਸੀ ਜਿਸ ਤੋਂ ਬਾਅਦ ਨਤੀਜਾ ਇਹ ਨਿਕਲਿਆ ਕਿ ਕਾਮਰੇਡ ਬਲਵਿੰਦਰ ਦਾ ਕਤਲ ਕਰ ਦਿੱਤਾ ਗਿਆ। ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਬਾਹਰ ਕਤਲ ਕਰਵਾ ਰਹੇ ਹਨ। ਅਜਿਹੇ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਦੀ ਸੁਰੱਖਿਆ ਨਹੀਂ ਹਟਾਣੀ ਚਾਹੀਦੀ ਸੀ।