ਚੰਡੀਗੜ੍ਹ : ਖੇਤੀ ਕਾਨੂੰਨ ਖਿਲਾਫ਼ ਨਿੱਤਰੀਆਂ ਕਿਸਾਨ ਜਥੇਬੰਦੀਆਂ ਅੱਜ ਕੇਂਦਰ ਸਰਕਾਰ ਖਿਲਾਫ਼ ਨਵੀਂ ਰਣਨੀਤੀ ਤਿਆਰ ਕਰਨਗੀਆਂ। ਜਿਸ ਦੇ ਲਈ 30 ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ‘ਚ ਮੀਟਿੰਗ ਹੋਵੇਗੀ। ਕੇਂਦਰ ਸਰਕਾਰ ਨਾਲ 3 ਵਾਰ ਗੱਲਬਾਤ ਕਰਨ ਤੋਂ ਬਾਅਦ ਵੀ ਕੋਈ ਨਤੀਜਾ ਨਾ ਨਿੱਕਲ ‘ਤੇ ਕਿਸਾਨ ਜਥੇਬੰਦੀਆਂ ਅੱਜ ਵੱਡਾ ਐਲਾਨ ਕਰ ਸਕਦੀਆਂ ਹਨ।
ਇਸ ਤੋਂ ਪਹਿਲਾਂ 13 ਨਵੰਬਰ ਨੂੰ ਕੇਂਦਰ ਸਰਕਾਰ ਨੇ ਦਿੱਲੀ ਵਿੱਚ ਗੱਲਬਾਤ ਲਈ ਕਿਸਾਨਾਂ ਨੂੰ ਬੁਲਾਇਆ ਸੀ। ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਇਹ ਮੀਟਿੰਗ ਸੱਦੀ ਸੀ।
ਇਸ ਬੈਠਕ ‘ਚ 30 ਕਿਸਾਨ ਜਥੇਬੰਦੀਆਂ ਨੇ ਆਪਣੀਆਂ 7 ਮੁੱਖ ਮੰਗਾਂ ਸਰਕਾਰ ਸਾਹਮਣੇ ਰੱਖੀਆਂ ਸਨ। ਕੇਂਦਰੀ ਮੰਤਰੀਆਂ ਨੇ ਕਿਸਾਨਾਂ ਦਾ ਮੰਗਾਂ ਸੁਣੀਆਂ ਜ਼ਰੂਰ ਪਰ ਹਾਲੇ ਤਕ ਉਹਨਾਂ ਨੂੰ ਪੂਰਾ ਨਹੀਂ ਕੀਤਾ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਵੀ ਕਿਸਾਨਾਂ ਨੂੰ ਰੇਲਾਂ ਨਾਲ ਚੱਲਣ ਕਾਰਨ ਆਪਣੀਆਂ ਮੁਸ਼ਕਲਾਂ ਦੱਸੀਆਂ ਸੀ।
ਤੀਸਰੀ ਮੀਟਿੰਗ ਵੀ ਬੇਸਿੱਟਾ ਰਹਿਣ ਕਾਰਨ ਕਿਸਾਨ ਜਥੇਬੰਦੀਆਂ ਨੇ ਅੱਜ ਚੰਡੀਗੜ੍ਹ ਵਿੱਚ ਮੀਟਿੰਗ ਬੁਲਾਈ ਹੈ। ਜਿਸ ਵਿੱਚ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ 26 ਨਵੰਬਰ ਤੇ 27 ਨਵੰਬਰ ਨੂੰ ਉਲੀਕੇ ਦਿੱਲੀ ਚਲੋ ਅੰਦੋਲਨ ਬਾਰੇ ਵੀ ਵਿਚਾਰ ਚਰਚਾ ਕਰੇਗੀ।