ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਕਮਿਊਨਿਟੀ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਵਿਸ਼ਵ ਡਾਇਬਟਿਕ ਦਿਹਾੜੇ ਨਾਲ ਸਬੰਧਤ ਇੱਕ ਆਨਲਾਈਨ ਸਮਾਗਮ ਕਰਵਾਇਆ ਗਿਆ। ਇਹ ਕਾਊਂਸਲਿੰਗ ਸਮਾਗਮ ਵਿਭਾਗ ਦੇ ਭੋਜਨ ਕਾਊਂਸਲਿੰਗ ਸੈਲ ਵੱਲੋਂ ਵਿਸ਼ੇਸ਼ ਤੌਰ ਤੇ ਸ਼ੂਗਰ ਦੇ ਮਰੀਜ਼ਾਂ ਨੂੰ ਖੁਰਾਕ ਸੰਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ। ਬਹੁਤ ਸਾਰੇ ਸ਼ੂਗਰ ਮਰੀਜ਼ ਆਨਲਾਈਨ ਇਸ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਡਾਇਬਟੀਜ਼ ਦੌਰਾਨ ਭੋਜਨ ਦੀ ਪੂਰਤੀ ਸੰਬੰਧੀ ਮਾਹਿਰਾਂ ਕੋਲੋਂ ਸਵਾਲ ਪੁੱਛੇ। ਇਸ ਤੋਂ ਇਲਾਵਾ ਮਾਹਿਰਾਂ ਦਾ ਇੱਕ ਪੈਨਲ ਹੋਰ ਜਾਣਕਾਰੀ ਦੇਣ ਲਈ ਇਸ ਸੈਸ਼ਨ ਦਾ ਹਿੱਸਾ ਬਣਿਆ ਜਿਸ ਵਿੱਚ ਡਾ. ਸ਼ਰੂਤੀ ਜੈਨ, ਮਿਸ ਧਾਰਾ ਜੈਨ ਅਤੇ ਮਿਸ ਟਿੱਮੀ ਸਿੰਗਲਾ ਸ਼ਾਮਿਲ ਸਨ।
ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਡਾ. ਕਿਰਨ ਬੈਂਸ ਨੇ ਇਸ ਸਮਾਗਮ ਦੇ ਮਹੱਤਵ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਜੀਵਨ ਜਾਚ ਦੀ ਬੇਤਰਤੀਬੀ ਵਿਸ਼ੇਸ਼ ਤੌਰ ਤੇ ਭੋਜਨ ਦੀਆਂ ਆਦਤਾਂ, ਸਰੀਰਕ ਹਿੱਲਜੁੱਲ ਦੀ ਘਾਟ ਅਤੇ ਤਣਾਅ ਡਾਇਬਟੀਜ਼ ਵਿੱਚ ਵਾਧੇ ਦੇ ਪ੍ਰਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਜੀਣ ਦੇ ਤਰੀਕਿਆਂ ਵਿੱਚ ਸੁਧਾਰ ਕਰਕੇ ਅਤੇ ਭੋਜਨ ਸੰਬੰਧੀ ਆਦਤਾਂ ਸਹੀ ਕਰਕੇ ਇਸ ਬਿਮਾਰੀ ਦੇ ਮਾਰੂ ਸਿੱਟਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਸਮਾਗਮ ਦੌਰਾਨ ਸ਼ੂਗਰ ਦੇ ਮਰੀਜ਼ਾਂ ਨੂੰ ਸਿੱਖਿਅਤ ਭੋਜਨ ਮਾਹਿਰਾਂ ਨਾਲ ਸੰਪਰਕ ਕਰਕੇ ਅਤੇ ਪੋਸ਼ਣ ਸੰਬੰਧੀ ਕਮੀਆਂ ਦੀ ਪੂਰਤੀ ਕਰਕੇ ਆਪਣੀ ਸਿਹਤ ਸੁਧਾਰਨ ਦੇ ਗੁਰ ਦੱਸੇ ਗਏ । ਇਸ ਵਾਰ ਕੋਵਿਡ-19 ਕਾਰਨ ਵਿਭਾਗ ਨੇ ਇਹ ਸਮਾਗਮ ਆਨਲਾਈਨ ਕਰਵਾਇਆ। ਵਿਭਾਗ ਦੇ ਮੁਖੀ ਡਾ. ਕਿਰਨ ਬੈਂਸ ਨੇ ਇਹ ਵੀ ਦੱਸਿਆ ਕਿ ਇਸ ਸੰਬੰਧੀ ਕਿਸੇ ਵੀ ਕਾਊਂਸਲਿੰਗ ਲਈ ਸ਼ੂਗਰ ਦੇ ਮਰੀਜ਼ ਪਹਿਲਾਂ ਮਿੱਥ ਕੇ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।