-ਅਵਤਾਰ ਸਿੰਘ
ਪੰਜਾਬ ਇਤਿਹਾਸ ਦੇ ਖੋਜ ਖੇਤਰ ਵਿੱਚ ਵਿਸ਼ੇਸ ਸਥਾਨ ਰੱਖਣ ਵਾਲੇ ਵਿਦਵਾਨ ਡਾਕਟਰ ਗੰਡਾ ਸਿੰਘ ਦਾ ਜਨਮ 15 ਨਵੰਬਰ,1900 ਨੂੰ ਪਿੰਡ ਹਰਿਆਣਾ, ਹੁਸ਼ਿਆਰਪੁਰ ‘ਚ ਜਵਾਲਾ ਸਿੰਘ ਦੇ ਘਰ ਹੋਇਆ।
ਉਨ੍ਹਾਂ ਨੇ ਆਪਣੇ ਕਸਬੇ ਤੋਂ ਮੁੱਢਲੀ ਵਿਦਿਆ ਉਰਦੂ ਤੇ ਫਾਰਸੀ ਸਮੇਤ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਸਰਕਾਰੀ ਹਾਈ ਸਕੂਲ ਤੋਂ ਦਸਵੀਂ ਕੀਤੀ।ਲਾਹੌਰ ਦੇ ਕਿਰਸਚਿਅਨ ਕਾਲਜ ਵਿਚੋਂ ਹੀ ਪੜ੍ਹਾਈ ਛੱਡ ਕੇ ਬਰਤਾਨਵੀ ਫੌਜ ਵਿੱਚ ਅਫਗਾਨਾਂ ਨਾਲ ਲੜਨ ਲਈ ਭਰਤੀ ਹੋਏ।ਲੜਾਈ ਦੌਰਾਨ ਮੈਸੋਪਟਾਮੀਆ ਵਿਖੇ ਜਖ਼ਮੀ ਹੋ ਗਏ,1921 ਤੋਂ 1930 ਤੱਕ ਈਰਾਨ ਦੀ ਤੇਲ ਕੰਪਨੀ ਵਿੱਚ ਕੰਮ ਕੀਤਾ।
ਉਥੇ ਕੰਪਨੀ ਦੇ ਮੇਨੈਜਰ ਆਰਨਲਡ ਟੀ ਵਿਲਸਨ ਨੂੰ ਮਿਲੇ ਜਿਹੜਾ ਉਸ ਸਮੇਂ ਪ੍ਰਸਿੱਧ ਕਿਤਾਬ ‘ਬਿਬਲੀਓਗਰਾਫੀ ਆਫ ਪਰਸ਼ੀਆ’ ਲਿਖ ਰਿਹਾ ਸੀ ਉਸ ਤੋਂ ਬਹੁਤ ਪ੍ਰਭਾਵਤ ਹੋਏ।ਡਾਕਟਰ ਗੰਡਾ ਸਿੰਘ ਨੇ ਇਰਾਨ ਵਿੱਚ ਲਿਖਣਾ ਸ਼ੁਰੂ ਕੀਤਾ ਤੇ ਪਹਿਲੀ ਕਿਤਾਬ ਮੈਸੋਪੋਟਾਮੀਆ ‘ਚ ਮੇਰੇ ਪਹਿਲੇ ਤੀਹ ਦਿਨ’ ਲਿਖੀ।
1930 ਵਿੱਚ ਭਾਰਤ ਆਣ ਕੇ ‘ਫੁਲਵਾੜੀ’ ਮਾਸਿਕ ਮੈਗਜ਼ੀਨ ਦਾ ਸੰਪਾਦਕ ਬਣ ਗਏ।ਖਾਲਸਾ ਕਾਲਜ ਵਿੱਚ ਖੋਜ ਕਰਦੇ ਸਮੇਂ ਉਨਾਂ ਸਿੱਖ ਰਿਸਰਚ ਨਾਮ ਦੀ ਲਾਇਬਰੇਰੀ ਬਣਾਈ।1935 ਨੂੰ ਅੰਗਰੇਜ਼ੀ ‘ਚ ‘ਬੰਦਾ ਬਹਾਦਰ’ ਕਿਤਾਬ ਲਿਖੀ।
1944 ‘ਚ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਤੋਂ ਪਹਿਲੇ ਦਰਜੇ ਵਿੱਚ ਇਤਿਹਾਸ ਦੀ ਐਮ ਏ ਕੀਤੀ।ਫਿਰ ਪਟਿਆਲੇ ਵਿਖੇ ਪੁਨਰ ਲੇਖਾ ਵਿਭਾਗ ਦੇ ਡਾਇਰੈਕਟਰ ਰਹੇ।
ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਇਤਿਹਾਸਕ ਸੰਸਥਾਵਾਂ ਜਿਨ੍ਹਾਂ ‘ਚ ਮੁੱਖ ਤੌਰ ‘ਤੇ ਬੰਗਾਲ, ਇੰਗਲੈਂਡ ਤੇ ਆਇਰਲੈਂਡ ਨਾਲ ਜੁੜੇ ਰਹੇ।1984 ‘ਚ ਉਨ੍ਹਾਂ ਨੂੰ ਭਾਰਤ ਸਰਕਾਰ ਵੱਲ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। 27 ਨਵੰਬਰ, 1987 ਨੂੰ ਇਤਿਹਾਸ ਲਿਖਦੇ ਲਿਖਦੇ ਖੁਦ ਇਤਿਹਾਸ ਬਣ ਗਏ।