ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇਰ ਰਾਤ ਸਾਹਮਣੇ ਆ ਗਏ ਹਨ। ਬਿਹਾਰ ਵਿੱਚ ਇੱਕ ਵਾਰ ਮੁੜ ਤੋਂ ਨਿਤੀਸ਼ ਕੁਮਾਰ ਦੀ ਸਰਕਾਰ ਬਣ ਰਹੀ ਹੈ। ਬਿਹਾਰ ਦੀ ਸੱਤਾ ਤੋਂ 15 ਸਾਲ ਦਾ ਬਨਵਾਸ ਖ਼ਤਮ ਕਰਨ ਦੇ ਇਰਾਦੇ ਨਾਲ ਚੋਣ ਮੈਦਾਨ ‘ਚ ਉੱਤਰੀ ਰਾਸ਼ਟਰੀ ਜਨਤਾ ਦਲ ਦਾ ਇੰਤਜ਼ਾਰ ਪੰਜ ਸਾਲ ਹੋਰ ਵਧ ਗਿਆ ਹੈ, ਯਾਨੀ ਕਿ ਐੱਨਡੀਏ ਨੇ ਯੂਪੀਏ ਨੂੰ ਹਰਾ ਦਿੱਤਾ ਹੈ।
ਬਿਹਾਰ ਵਿੱਚ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਗੱਠਜੋੜ ਨੂੰ 243 ਸੀਟਾਂ ਵਿੱਚੋਂ 125 ਸੀਟਾਂ ਮਿਲੀਆਂ ਹਨ ਜਦਕਿ ਤੇਜਸਵੀ ਯਾਦਵ ਦੀ ਅਗਵਾਈ ਵਾਲੀ ਯੂਪੀਏ ਨੂੰ 110 ਸੀਟਾਂ ਹੀ ਮਿਲ ਪਾਈਆਂ। ਬਹੁਮਤ ਹਾਸਲ ਕਰਨ ਦੇ ਲਈ 122 ਸੀਟਾਂ ਦਾ ਜਾਦੂਈ ਅੰਕੜਾ ਹਾਸਲ ਕਰਨ ਦੀ ਜ਼ਰੂਰਤ ਸੀ ਜਿਸ ਨੂੰ ਐੱਨਡੀਏ ਨੇ ਪਾਰ ਕਰ ਲਿਆ ਹੈ।