ਰੋਹਤਕ: ਬਲਾਤਕਾਰ ਅਤੇ ਕਤਲ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੀਤੇ ਦਿਨੀਂ ਇਕ ਦਿਨ ਦੀ ਪੈਰੋਲ ਮਿਲੀ ਸੀ। ਹਰਿਆਣਾ ‘ਚ ਸੀਐਮ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਬੀਜੇਪੀ-ਜੇਜੇਪੀ ਦੀ ਗੱਠਜੋੜ ਸਰਕਾਰ ਨੇ 24 ਅਕਤੂਬਰ ਨੂੰ ਰਾਮ ਰਹੀਮ ਨੂੰ ਪੈਰੋਲ ਦਵਾਈ ਸੀ।
ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਨੂੰ ਭਾਰੀ ਸੁਰੱਖਿਆ ਬਲ ਨਾਲ ਰੋਹਤਕ ਜੇਲ੍ਹ ਤੋਂ ਗੁਰੂਗ੍ਰਾਮ ਲਿਆਇਆ ਗਿਆ ਸੀ ਪਰ ਸੁਰੱਖਿਆ ‘ਚ ਲੱਗੇ ਜਵਾਨਾਂ ਤੱਕ ਨੂੰ ਇਸ ਦੀ ਭਿਣਕ ਤੱਕ ਨਹੀਂ ਸੀ ਸਿਰਫ਼ ਸੀਐਮ ਅਤੇ ਕੁਝ ਅਧਿਕਾਰੀਆਂ ਨੂੰ ਹੀ ਇਸ ਗੱਲ ਦੀ ਜਾਣਕਾਰੀ ਸੀ।
ਦੱਸਣਯੋਗ ਹੈ ਕਿ ਡੇਰਾ ਮੁਖੀ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਤੋਂ ਹੀ ਰੋਹਤਕ ਜੇਲ੍ਹ ਵਿੱਚ ਬੰਦ ਹਨ। ਸੂਤਰਾਂ ਨੇ ਦੱਸਿਆ ਕਿ ਰਾਮ ਰਹੀਮ ਨੂੰ ਆਪਣੀ ਬਿਮਾਰ ਮਾਂ ਨਾਲ ਮਿਲਣ ਲਈ ਇੱਕ ਦਿਨ ਦੀ ਪੈਰੋਲ ਮਿਲੀ ਸੀ। ਉਹ ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿੱਚ ਭਰਤੀ ਹਨ। ਡੇਰਾ ਮੁਖੀ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਗੁਰੂਗ੍ਰਾਮ ਹਸਪਤਾਲ ਤੱਕ ਭਾਰੀ ਸੁਰੱਖਿਆ ਦੇ ਵਿਚ ਲਿਜਾਇਆ ਗਿਆ।
ਰਿਪੋਰਟਾਂ ਅਨੁਸਾਰ ਰਾਮ ਰਹੀਮ 24 ਅਕਤੂਬਰ ਨੂੰ ਸ਼ਾਮ ਤੱਕ ਆਪਣੀ ਬਿਮਾਰ ਮਾਂ ਦੇ ਨਾਲ ਰਹੇ ਸਨ। ਸੂਤਰਾਂ ਨੇ ਦੱਸਿਆ ਕਿ ਹਰਿਆਣਾ ਪੁਲਿਸ ਦੀਆਂ ਤਿੰਨ ਟੁਕੜੀਆਂ ਤਾਇਨਾਤ ਸਨ ਇਕ ਟੁੱਕੜੀ ਵਿੱਚ 80 ਤੋਂ 100 ਜਵਾਨ ਸਨ। ਡੇਰਾ ਮੁਖੀ ਨੂੰ ਜੇਲ੍ਹ ਤੋਂ ਪੁਲਿਸ ਦੀ ਇਕ ਗੱਡੀ ਵਿੱਚ ਲਿਜਾਇਆ ਗਿਆ ਜਿਸ ਵਿੱਚ ਪਰਦੇ ਲੱਗੇ ਹੋਏ ਸਨ ਗੁਰੂਗ੍ਰਾਮ ਵਿੱਚ ਪੁਲਿਸ ਨੇ ਹਸਪਤਾਲ ਦੀ ਬੇਸਮੈਂਟ ਵਿਚ ਗੱਡੀ ਪਾਰਕ ਕੀਤੀ ਅਤੇ ਜਿਸ ਫਲੋਰ ਵਿੱਚ ਉਸਦੀ ਮਾਂ ਦਾ ਇਲਾਜ ਚੱਲ ਰਿਹਾ ਸੀ ਉਸ ਨੂੰ ਪੂਰਾ ਖਾਲੀ ਕਰਾ ਦਿੱਤਾ ਗਿਆ।