ਸਰਕਾਰ ਵਲੋਂ ਸ਼ੁਰੂ ਕੀਤੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅੱਖਾਂ ‘ਚ ਘੱਟਾ ਪਾਉਣ ਵਾਲੀ: ਪਰਮਜੀਤ ਕੌਰ ਗੁਲਸ਼ਨ

TeamGlobalPunjab
3 Min Read

ਮੁਹਾਲੀ: ਦਲਿਤ ਪਰਿਵਾਰਾਂ ਨਾਲ ਸੰਬੰਧਿਤ ਲੱਖਾਂ ਹੋਣਹਾਰ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜੀਫ਼ਾ) ਸਕੀਮ ‘ਚ ਹੋਏ ਘੁਟਾਲੇ ਇੱਥੇ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਆਲੋਚਨਾ ਕਰਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੀ ਇਸਤਰੀ ਵਿੰਗ ਦੇ ਸੂਬਾ ਕੋ-ਆਰਡੀਨੇਟਰ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਇਸ ਨੂੰ ਅੱਖਾਂ ਵਿੱਚ ਘੱਟਾ ਪਾਉਣ ਅਤੇ ਦਲਿਤ ਵਿਦਿਆਰਥੀਆਂ ਨਾਲ ਧੋਖਾ ਕਰਾਰ ਦਿੱਤਾ ਹੈ। ਮੀਡੀਆ ਨੂੰ ਜਾਰੀ ਆਪਣੇ ਬਿਆਨ ਵਿਚ ਬੀਬੀ ਗੁਲਸ਼ਨ ਨੇ ਕਿਹਾ ਕਿ ਆਪਣੇ ਵਿਭਾਗ ਵਿਚ ਘੁਟਾਲੇ ਦੀ ਸੂਹ ਮਿਲਣ ਤੇ ਉਸ ਸਮੇਂ ਦੇ ਪ੍ਰਿੰਸੀਪਲ ਸਕੱਤਰ ਕਿਰਪਾ ਸ਼ੰਕਰ ਸਰੋਜ ਨੇ ਵਿਭਾਗ ਦੇ ਖਾਤੇ ਸੀਲ ਕਰਵਾ ਦਿੱਤੇ ਸਨ ਜਿਸ ਨਾਲ ਕਿ ਉਸ ਵਿਚ ਪਿਆ ਪੈਸਾ ਕਢਵਾਉਣ ਦੀ ਮਨਾਹੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਦਲਿਤ ਵਿਦਿਆਰਥੀਆਂ ਦੇ ਭਵਿੱਖ ਉੱਤੇ ਬੱਦਲ ਛਾ ਗਏ ਹਨ ਕਿਉਂ ਜੋ ਉਹ ਸਕਾਲਰਸ਼ਿਪ ਲੈਣ ਤੋਂ ਅਸਮਰੱਥ ਹਨ।

ਬੀਬੀ ਗੁਲਸ਼ਨ ਨੇ ਮੁੱਖਮੰਤਰੀ ‘ਤੇ ਦੋਸ਼ ਲਗਾਏ ਕਿ ਉਹ ਦਲਿਤ ਵਿਦਿਆਰਥੀਆਂ ਦੀ ਵਜੀਫ਼ਾ ਸਕੀਮ ‘ਚ 63.91 ਕਰੋੜ ਰੁਪਏ ਹੜੱਪਣਵਾਲੇ ਆਪਣੇ ਭ੍ਰਿਸ਼ਟ ਮੰਤਰੀ ਨੂੰ ਬਰਖਾਸਤ ਕਰਨ ‘ਚ ਬਚਾਉਣ ਲਈ ਸਾਰੀਆਂ ਨੈਤਿਕ ਅਤੇ ਪ੍ਰਸ਼ਾਸਨਿਕ ਹੱਦਾਂ ਟੱਪ ਰਹੇ ਹਨ। ਓੁਹਨਾ ਨੇ ਕੇਂਦਰ ਸਰਕਾਰ ਵੱਲੋਂ ਇਸ ਵਜੀਫ਼ਾ ਘੁਟਾਲੇ ਦੀ ਵਿਭਾਗੀ ਜਾਂਚ ਸਰਕਾਰ ਦੇ ਹੀ ਅਧਿਕਾਰੀਆਂ ਨੂੰ ਸੌਂਪੇ ਜਾਣ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਜਾਂਚ ਕੋਈ ਵੀ ਏਜੰਸੀ ਕਰੇ ਪ੍ਰੰਤੂ ਜਾਂਚ ਮਾਣਯੋਗ ਹਾਈਕੋਰਟ ਦੇ ਮੋਜੂਦਾ ਜੱਜਾਂ ਦੀ ਨਿਗਰਾਨੀ ਹੇਠ ਸਮਾਂਬੱਧ ਹੋਵੇ ਅਤੇ ਇਸ ਜਾਂਚ ਦਾ ਦਾਇਰਾ 2012-13 ਤੱਕ ਵਧਾਇਆ ਜਾਵੇ, ਕਿਉਂਕਿ ਬਾਦਲਾਂ ਦੀ ਸਰਕਾਰ ਵੇਲੇ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ‘ਚ 1200 ਕਰੋੜ ਰੁਪਏ ਤੋਂ ਵੱਧ ਦੀ ਗੜਬੜੀ ਹੋਈ ਹੈ।

ਬੀਬੀ ਗੁਲਸ਼ਨ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਹ 309 ਕਰੋੜ ਰੁਪਏ ਪ੍ਰਾਈਵੇਟ ਕਾਲਜਾਂ ਨੂੰ ਨਹੀਂ ਵੰਡੇਗੀ ਤਾ ਇਹ ਕਾਲਜ ਬੰਦ ਹੋਣ ਦੇ ਕਾਗਾਰ ਤੇ ਆ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਦੇ ਫੰਡਾਂ ਵਿੱਚ ਕੋਈ ਘਪਲਾ ਹੈ ਤਾਂ ਸਰਕਾਰ ਜਾਂਚ ਕਰਾਵੇ ਪਰ ਹੁਣ ਵਾਲੇ ਪੈਸਿਆਂ ਦੇ ਖਾਤੇ ਸੀਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਉਨ੍ਹਾਂ ਸਰਕਾਰ ਵੱਲੋਂ ਸ਼ੁਰੂ ਕੀਤੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਉਤੇ ਸਵਾਲ ਚੁੱਕਦਿਆਂ ਵੀ ਕਿਹਾ ਕਿ ਸਰਕਾਰ ਵੱਲੋਂ ਇਹ ਸਕੀਮ 2021 ਵਿੱਚ ਸ਼ੁਰੂ ਕੀਤੀ ਜਾਣੀ ਹੈ ਜੋ ਕਿ ਚੋਣ ਵਰ੍ਹਾ ਹੈ ਅਤੇ ਇਸ ਦੇ ਵਿੱਚੋ ਸਿਆਸਤ ਦੀ ਬੂੰ ਆਓੁਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਕੇਂਦਰ ਸਰਕਾਰ ਨੂੰ ਫੰਡ ਵਰਤੋਂ ਸਰਟੀਫਿਕੇਟ ਜਾਰੀ ਕਰੇ ਤਾਂ ਜੋ ਕੇਂਦਰ ਵੱਲੋਂ ਬਾਕੀ ਪੈਸਾ ਵੀ ਪੰਜਾਬ ਨੂੰ ਆ ਸਕੇ।

Share This Article
Leave a Comment