ਚੰਡੀਗੜ੍ਹ: ਕਿਸਾਨਾਂ ਦੇ ਖੇਤੀ ਕਾਨੂੰਨ ਖਿਲਾਫ਼ ਰੋਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਮਾਲ ਗੱਡੀਆਂ ਦੀ ਆਵਾਜਾਈ ‘ਤੇ ਰੋਕ ਲਗਾਈ ਹੋਈ ਹੈ। ਜਿਸ ਤਹਿਤ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਜਾਰੀ ਕੀਤੀ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਮਾਲ ਗੱਡੀਆਂ ਪੰਜਾਬ ‘ਚ ਚਾਲੂ ਨਹੀਂ ਕੀਤੀਆਂ ਤਾਂ ਦਿੱਲੀ ‘ਚ ਦੁੱਧ, ਸਬਜ਼ੀਆਂ ਅਤੇ ਹੋਰ ਵਸਤਾਂ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ।
ਕੇਂਦਰ ਸਰਕਾਰ ਵੱਲੋਂ ਕੀਤੀ ਗਈ ਸਖ਼ਤੀ ਤੋਂ ਬਾਅਦ ਕਿਸਾਨਾਂ ਨੇ ਇਹ ਐਲਾਨ ਕੀਤਾ ਹੈ। ਦਿੱਲੀ ਨੂੰ ਪੰਜਾਬ ਦੇ ਨਾਲ-ਨਾਲ ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਕਿਸਾਨ ਦੁੱਧ, ਸਬਜ਼ੀਆਂ ਤੇ ਹੋਰ ਵਸਤਾਂ ਦੀ ਸਪਲਾਈ ਕਰਦੇ ਹਨ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ‘ਚ ਇਹ ਫੈਸਲਾ ਕੀਤਾ ਗਿਆ। ਇਹ ਬੈਠਕ ਭਾਰਤੀ ਕਿਸਾਨ ਯੂਨੀਅਨ-ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ‘ਚ ਹੋਈ ਸੀ। ਮੀਟਿੰਗ ਸਰਬਸੰਮਤੀ ਨਾਲ ਐਲਾਨ ਹੋਇਆ ਕਿ ਜੇਕਰ ਕੇਂਦਰ ਸਰਕਾਰ ਨੇ ਪੰਜਾਬ ‘ਚ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਨਹੀਂ ਕੀਤੀ ਤਾਂ ਦਿੱਲੀ ਨੂੰ ਜਾਂਦੀ ਸਪਾਲਈ ਰੋਕ ਦਿੱਤੀ ਜਾਵੇਗੀ।
ਪੰਜਾਬ ਵਿੱਚ ਕਿਸਾਨ ਜਥੇਬੰਦੀਆਂ 22 ਅਕਤੂਬਰ ਤੋਂ ਰੇਲ ਪਟੜੀਆਂ ‘ਤੇ ਧਰਨਾ ਦੇ ਰਹੀਆਂ ਹਨ। ਕਿਸਾਨਾਂ ਨੇ ਮਾਲ ਗੱਡੀਆਂ ਨੂੰ ਰਸਤਾ ਦੇਣ ਲਈ ਕਿਹਾ ਸੀ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਫੈਸਲੇ ਉਲਟ ਮਾਲ ਗੱਡੀਆਂ ਹੀ ਬੰਦ ਕਰ ਦਿੱਤੀਆਂ ਤੇ ਸ਼ਰਤ ਰੱਖੀ ਕਿ ਪਹਿਲਾਂ ਯਾਤਰੀ ਟਰੇਨਾਂ ਨੂੰ ਰਸਤਾ ਦਿੱਤਾ ਜਾਵੇ ਫਿਰ ਹੀ ਮਾਲ ਗੱਡੀਆਂ ਚੱਲਣਗੀਆਂ।