ਲਖਨਊ: ਉੱਤਰ ਪ੍ਰਦੇਸ਼ ‘ਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਤਹਿਤ ਇਕ ਵਿਅਕਤੀ ਨੇ ਆਪਣੇ ਚਾਚੇ ‘ਤੇ ਪੈਟਰੋਲ ਛਿੜਕ ਕੇ ਉਸ ਨੂੰ ਜ਼ਿੰਦਾ ਸਾੜ ਦਿੱਤਾ। ਇਹ ਘਟਨਾ ਬਾਂਦਾ ਜ਼ਿਲ੍ਹੇ ਦੇ ਫਤਿਹਗੜ੍ਹ ਥਾਣਾ ਖੇਤਰ ਦੇ ਜਬਰਾਪੁਰ ਪਿੰਡ ‘ਚ ਵਾਪਰੀ ਹੈ। ਘਟਨਾ ਤੋਂ ਬਾਅਦ ਪੀੜਤ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁਲਜ਼ਮ ਰਾਮਭਰੋਸੇ ਨੇ ਆਪਣੇ ਚਾਚਾ ਬਿੰਦਾ ਤੋਂ ਕੁਝ ਰੁਪਏ ਉਧਾਰ ਲੈਣੇ ਸਨ, ਪਰ ਉਸ ਦੇ ਚਾਚਾ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਦੋ ਦਿਨ ਪਹਿਲਾਂ ਵੀ ਦੋਵਾਂ ਵਿਚਾਲੇ ਬਹਿਸ ਹੋਈ ਸੀ। ਜਿਸ ਤੋਂ ਬਾਅਦ ਬੀਤੀ ਰਾਤ ਰਾਮਭਰੋਸੇ ਨੇ ਆਪਣੇ ਚਾਚਾ ‘ਤੇ ਪੈਟਰੋਲ ਛਿੜਕ ਕੇ ਉਸ ਨੂੰ ਜ਼ਿੰਦਾ ਸਾੜ ਦਿੱਤਾ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਖ਼ਿਲਾਫ਼ ਪਹਿਲਾਂ ਇਰਾਦਾ ਏ ਕਤਲ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਸੀ ਪਰ ਬਾਅਦ ਵਿੱਚ ਜਦੋਂ ਪੀੜਤ ਦੀ ਮੌਤ ਹੋ ਗਈ ਤਾਂ ਇਸ ਵਿੱਚ ਧਾਰਾ 302 ਵੀ ਜੋੜ ਦਿੱਤੀ ਗਈ।