ਚੰਡੀਗੜ੍ਹ (ਅਵਤਾਰ ਸਿੰਘ): ਕਣਕ ਦੀ ਕਰਨਾਲ ਬੰਟ ਇੱਕ ਉਲੀ ਦੀ ਬਿਮਾਰੀ ਹੈ ਜੋ ਤਕਰੀਬਨ ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਪਾਈ ਜਾਂਦੀ ਹੈ ਪਰ ਨੀਂਮ ਪਹਾੜੀ ਅਤੇ ਦਰਿਆਵਾਂ ਦੇ ਨੇੜ ਲੱਗਦੇ ਇਲਾਕਿਆਂ ਵਿੱਚ ਇਸ ਦਾ ਹਮਲਾ ਜਿਆਦਾ ਵੇਖਣ ਨੂੰ ਮਿਲਦਾ ਹੈ। ਇਹ ਬਿਮਾਰੀ ਮਿੱਟੀ ਅਤੇ ਬੀਜ ਰਾਹੀਂ ਫੈਲਦੀ ਹੈ। ਕਣਕ ਦੀਆਂ ਡਬਲਯੂ ਐਚ ਡੀ 943 ਅਤੇ ਪੀ ਡੀ ਡਬਲਯੂ 291 ਕਿਸਮਾਂ ਇਸ ਬਿਮਾਰੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ ਹਨ।
ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਨਰਿੰਦਰ ਸਿੰਘ ਪੀ ਏ ਯੂ, ਲੁਧਿਆਣਾ ਨੇ ਜਾਣਕਾਰੀ ਦਿੰਦਿਆਂ ਇਹ ਦੱਸਿਆ ਕਿ ਇਸ ਬਿਮਾਰੀ ਦਾ ਅਸਰ ਸਿੱਟੇ ਵਿੱਚ ਕੁਝ ਦਾਣਿਆਂ ਤੇ ਹੀ ਹੁੰਦਾ ਹੈ। ਜਦੋਂ ਬਿਮਾਰੀ ਵਾਲੇ ਦਾਣਿਆਂ ਨੂੰ ਹੱਥਾਂ ਵਿੱਚ ਲੈ ਕੇ ਮਸਲਿਆਂ ਜਾਵੇ ਤਾਂ ਉਨ੍ਹਾਂ ਵਿੱਚੋਂ ਕਾਲੇ ਰੰਗ ਦੀ ਉਲੀ ਦੇ ਜੀਵਾਣੂੰ ਬਾਹਰ ਨਿਕਲ ਆਉਂਦੇ ਹਨ, ਜਿਨ੍ਹਾਂ ਵਿੱੱਚੋਂ ਭੈੜੀ ਦੁਰਗੰਧ ਆਉਂਦੀ ਹੈ। ਇਸ ਬਿਮਾਰੀ ਵਾਲੀ ਉਲੀ ਦੀ ਲਾਗ ਉਦੋਂ ਲੱਗਦੀ ਹੈ ਜਦੋਂ ਕਿ ਅਜੇ ਸਿੱਟੇ ਬਾਹਰ ਨਿਕਲਣੇ ਸ਼ੁਰੂ ਹੁੰਦੇ ਹਨ। ਉਲੀ ਦੇ ਜੀਵਾਣੂੰ ਖੇਤਾਂ ਵਿੱਚ 2-5 ਸਾਲ ਤੱਕ ਜਿਊਂਦੇ ਰਹਿੰਦੇ ਹਨ ਅਤੇ ਕਣਕ ਦੇ ਸਿੱਟੇ ਨਿਕਲਣ ਵੇਲੇ ਇਹ ਜੀਵਾਣੂੰ ਮਿੱਟੀ ਵਿੱਚੋਂ ਉਗ ਕੇ ਹਵਾ ਵਿੱਚ ਰਲ ਜਾਂਦੇ ਹਨ ਅਤੇ ਇਨ੍ਹਾਂ ਸਿੱਟਿਆਂ ਵਿੱਚ ਬਣ ਰਹੇ ਦਾਣਿਆਂ ਤੇ ਬਿਮਾਰੀ ਦੀ ਲਾਗ ਲਗਾ ਦਿੰਦੇ ਹਨ। ਅਜਿਹੀ ਫਸਲ ਤੋਂ ਰੱਖਿਆ ਬੀਜ ਅਗਲੇ ਸਾਲ ਲਈ ਬਿਮਾਰੀ ਫੈਲਾਉਣ ਦਾ ਕਾਰਨ ਬਣਦਾ ਹੈ।
ਇਸ ਲਈ ਕਰਨਾਲ ਬੰਟ ਤੋਂ ਬਚਾਅ ਲਈ ਰੋਗ ਰਹਿਤ ਕਣਕ ਦਾ ਬੀਜ ਵਰਤਣਾ ਬਹੁਤ ਜਰੂਰੀ ਹੈ। ਉਨ੍ਹਾਂ ਅੱਗੇ ਜਾਣਕਾਰੀ ਵਧਾਉਂਦੇ ਹੋਏ ਅੱਗੇ ਦੱਸਿਆ ਕਿ ਹੁਣ ਕਣਕ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ। ਇਸ ਲਈ ਕਿਸਾਨ ਵੀਰਾਂ ਨੂੰ ਆਪਣੇ ਬੀਜ ਲਈ ਰੱਖੀ ਕਣਕ ਦੀ ਪਰਖ ਕਰ ਲੈਣੀ ਚਾਹੀਦੀ ਹੈ ਜਿਸ ਨਾਲ ਸਮੇਂ ਸਿਰ ਪਤਾ ਲੱਗ ਜਾਵੇਗਾ ਕਿ ਬੀਜ ਵਿੱਚ ਕਰਨਾਲ ਬੰਟ ਦੀ ਬਿਮਾਰੀ ਹੈ ਜਾਂ ਨਹੀ। ਬੀਜ ਦੀ ਪਰਖ ਕਰਨ ਲਈ ਦੋ ਮੁੱਠਾਂ ਕਣਕ ਦੇ ਦਾਣਿਆਂ ਨੂੰ ਪਾਣੀ ਵਿੱਚ ਭਿਉਂ ਕੇ ਚਿੱਟੇ ਕਾਗਜ਼ ਉਤੇ ਖਿਲਾਰ ਲਵੋ। ਜੇਕਰ ਇਸ ਬੀਜ ਵਿਚ 4-5 ਦਾਣੇ ਕਰਨਾਲ ਬੰਟ ਨਾਲ ਪ੍ਰਭਾਵਿਤ ਦਿਖਾਈ ਦੇਣ ਤਾਂ ਅਜਿਹਾ ਬੀਜ ਕਣਕ ਬਿਜਾਈ ਲਈ ਨਹੀਂ ਵਰਤਣਾ ਚਾਹੀਦਾ।