ਜਲੰਧਰ: ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਅਤੇ ਜਲਾਲਾਬਾਦ ਵਿੱਚ ਦਲਿਤ ਨੌਜਵਾਨ ਤੇ ਜ਼ੁਲਮ ਦੇ ਮਾਮਲੇ ‘ਚ ਭਾਜਪਾ ਐਸਸੀ ਮੋਰਚੇ ਦੇ ਵੱਲੋਂ ਕੱਢੀ ਜਾ ਰਹੀ ਦਲਿਤ ਇਨਸਾਫ ਯਾਤਰਾ ਨੂੰ ਜਲੰਧਰ ਪੁਲੀਸ ਨੇ ਰੋਕ ਦਿੱਤਾ। ਪੁਲੀਸ ਨੇ ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਸ਼ਵਨੀ ਕੁਮਾਰ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਭਾਜਪਾ ਐੱਸਸੀ ਮੋਰਚੇ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ, ਐੈੱਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕੇਡੀ ਭੰਡਾਰੀ ਸਣੇ ਕਈ ਹੋਰਾਂ ਨੂੰ ਹਿਰਾਸਤ ‘ਚ ਲੈ ਲਿਆ।
ਇਹ ਯਾਤਰਾ ਜਲੰਧਰ ਦੇ ਸੂਰਿਆ ਐਨਕਲੇਵ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੇ ਘਿਰਾਓ ਕਰਨ ਜਾਣੀ ਸੀ। ਇਸ ਮੌਕੇ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ।
ਯਾਤਰਾ ਲਈ ਇਜਾਜ਼ਤ ਨਾ ਲੈਣ ਕਾਰਨ ਇਨ੍ਹਾਂ ਨੂੰ ਸੂਰਿਆ ਐਨਕਲੇਵ ਤੋਂ ਬਾਹਰ ਨਾ ਜਾਣ ਦਿੱਤਾ। ਇਸ ਦੌਰਾਨ ਭਾਜਪਾ ਨੇਤਾਵਾਂ ਤੇ ਪੁਲੀਸ ਦਰਮਿਆਨ ਤਲਖ਼ੀ ਹੋਈ ਤੇ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ।