ਅੰਮ੍ਰਿਤਸਰ: ਨਾਮੀ ਗੈਂਗਸਟਰ ਪ੍ਰੀਤ ਸੇਖੋਂ ਨੇ ਵੀਰਵਾਰ ਦੇਰ ਰਾਤ ਰੰਜੀਤ ਏਵੈਨਿਊ ਦੇ ਯੂਰੋਪੀ ਨਾਈਟ ਰੈਸਟੋਰੈਂਟ ‘ਚ ਬਾਊਂਸਰ ਵਜੋਂ ਕੰਮ ਕਰਨ ਵਾਲੇ ਜਗਰੂਪ ਸਿੰਘ ਉਰਫ ਜੱਗਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਗੈਂਗਸਟਰ ਸਾਥੀਆਂ ਸਣੇ ਮੌਕੇ ਤੋਂ ਫਰਾਰ ਹੋ ਗਿਆ। ਗੈਂਗਸਟਰ ਨੇ ਫੇਸਬੁਕ ‘ਤੇ ਇਸ ਦੀ ਜ਼ਿੰਮੇਵਾਰੀ ਲਈ ਹੈ। ਉਸਨੇ ਪੋਸਟ ਕਰ ਲਿਖਿਆ ਕਿ ਉਸਨੇ ਜੱਗਾ ਬਾਊਂਸਰ ਨੂੰ ਮਾਰ ਮੁਕਾਇਆ ਹੁਣ ਹੋਰਾਂ ਦਾ ਵੀ ਨੰਬਰ ਆਵੇਗਾ।
ਘਟਨਾ ਸਬੰਧੀ ਜਾਣਕਾਰੀ ਮਿਲਦੇ ਹੀ ਰਾਤ ਨੂੰ ਪੁਲਿਸ ਮੌਕੇ ਤੇ ਪਹੁੰਚ ਗਈ। ਯੂਰਪੀ ਨਾਈਟ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰੀਤ ਸੇਖੋਂ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਆਇਆ ਸੀ। ਜੱਗਾ ਬਾਊਂਸਰ ਡਿਊਟੀ ਕਰਨ ਤੋਂ ਬਾਅਦ ਘਰ ਜਾਣ ਲੱਗਿਆ ਤਾਂ ਇਸ ਦੌਰਾਨ ਸੇਖੋਂ ਨੇ ਫਾਇਰਿੰਗ ਕੀਤੀ। ਜੱਗਾ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤ ਐਲਾਨ ਦਿੱਤਾ।
ਪੁਲਿਸ ਵੱਲੋਂ ਪੁੱਛਗਿੱਛ ਲਈ ਕੁਝ ਲੋਕਾਂ ਨੂੰ ਰਾਊਂਡਅੱਪ ਕੀਤਾ ਜਾ ਰਿਹਾ ਹੈ। ਮੌਕੇ ਦੇ ਗਵਾਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜੱਗਾ ਬਾਊਂਸਰ ਨਾਲ ਪ੍ਰੀਤ ਸੇਖੋਂ ਦੀ ਕੀ ਦੁਸ਼ਮਣੀ ਸੀ ਪੁਲਿਸ ਇਸ ਵਾਰੇ ਪਤਾ ਲਗਾ ਰਹੀ ਹੈ।