ਸੰਗਰੂਰ : ਮਹਾਨ ਸੰਤ ਅਤਰ ਸਿੰਘ ਜੀ ਮਸਤੂਆਣਾ ਦੇ ਸੰਕਲਪਾਂ ਨੂੰ ਸਮਰਪਿਤ ਮਾਲਵਾ ਦਾ ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਹੈ। ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਉੱਪਰ ਸੰਤਾਂ ਦੀ ਸੋਚ ਦੇ ਵਿਰੋਧੀ ਤੱਤਾਂ ਵੱਲੋਂ ਅਫਸਰਸ਼ਾਹੀ ਨਾਲ ਮਿਲੀਭੁਗਤ ਕਰਕੇ ਕਬਜਾ ਕਰਨ ਦੀਆਂ ਹਰਕਤਾਂ ਉਪਰ ਸੰਗਰੂਰ ਦੇ ਪਤਵੰਤੇ ਸ਼ਹਿਰੀਆਂ ਨੇ ਗੰਭੀਰ ਰੋਸ ਜਤਾਇਆ ਹੈ। ਇਸ ਬਾਰੇ ਇਲਾਕੇ ਦੇ ਪੰਚਾਂ, ਸਰਪੰਚਾਂ, ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੇ ਆਪਣਾ ਜੋਰਦਾਰ ਵਿਰੋਧ ਪ੍ਰਗਟ ਕੀਤਾ ਹੈ। ਇਹ ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਕੁੱਝ ਸਾਜਿਸ਼ੀਆਂ ਦੇ ਗਲਤ ਤੇ ਗੁੰਮਰਾਹਕੁਨ ਪ੍ਰਚਾਰ ਕਾਰਣ ਕਾਲਜ ਦੀ ਮੈਨੇਜਮੈਂਟ ਨੂੰ ਮੁਅੱਤਲ ਕਰ ਦਿੱਤਾ ਸੀ। ਮੈਨੇਜਮੈਂਟ ਉੱਪਰ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਲਗਾਏ ਗਏ ਸਨ, ਜਦਕਿ ਹਕੀਕਤ ਇਹ ਹੈ ਕਿ ਕਾਲਜ ਨੂੰ ਸਰਕਾਰ, ਯੂ.ਜੀ.ਸੀ. ਜਾਂ ਕਿਸੇ ਮੰਤਰੀ ਵੱਲੋਂ ਦਿੱਤੀ ਗ੍ਰਾਂਟ ਕਾਲਜ ਦੇ ਪ੍ਰਿੰਸੀਪਲ ਦੇ ਖਾਤੇ ਵਿੱਚ ਜਮ੍ਹਾਂ ਹੁੰਦੀ ਹੈ ਤੇ ਪ੍ਰਿੰਸੀਪਲ ਉਸ ਨੂੰ ਖਰਚ ਕਰਕੇ ਵਰਤੋਂ ਸਰਟੀਫਿਕੇਟ ਦਿੰਦੀ ਹੈ ਤਾਂ ਹੀ ਅਗਲੀ ਗ੍ਰਾਂਟ ਆਉਂਦੀ ਹੈ। ਇਸ ਵਿੱਚ ਕਾਲਜ ਮੈਨੇਜਮੈਂਟ ਦਾ ਕੋਈ ਲੈਣਾ ਦੇਣਾ ਨਹੀਂ ਹੈ।
ਮਹਿੰਦਰ ਸਿੰਘ ਗਿੱਲ ਸੀਨੀਅਰ ਐਡਵੋਕੇਟ ਅਤੇ ਸਕੱਤਰ ਖਾਲਸਾ ਗਰਲਜ਼ ਹਾਈ ਸਕੂਲ ਸੰਗਰੂਰ ਨੇ ਆਪਣੇ ਬਿਆਨ ਰਾਹੀਂ ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਦੀ ਮੈਨਜਮੈਂਟ ਨੂੰ ਸਰਕਾਰ ਦੁਆਰਾ ਮੁਅੱਤਲ ਕੀਤੇ ਜਾਣ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਕ ਪਾਸੇ ਤਾ ਸਰਕਾਰ ਆਪਣੀਆਂ ਸਰਕਾਰੀ ਯੂਨੀਵਰਸਿਟੀਆਂ , ਕਾਲਜਾਂ ਅਤੇ ਸਕੂਲਾਂ ਦੇ ਪ੍ਰਧੀਆਪਕ / ਅਧਿਆਪਕਾਂ ਨੂੰ ਤਨਖਾਹ ਦੇਣ ਤੋਂ ਅਸਮਰਥ ਹੋ ਰਹੀ ਹੈ ਦੂਜੇ ਪਾਸੇ ਵਿਦਿਆ ਦੇ ਖੇਤਰ ਵਿਚ ਨਿਸ਼ਕਾਮ , ਪਾਰਦਰਸ਼ੀ ਕੰਮ ਕਰਨ ਵਾਲੀਆਂ ਸੰਸਥਾ ਦੀ ਇਮਾਨਦਾਰ ਪ੍ਰਬੰਧਕ ਕਮੇਟੀਆਂ ਨੂੰ ਮੁਅੱਤਲ ਕਰ ਰਹੀ ਹੈ । ਉੰਨਾ ਨੇ ਚਿੰਤਾ ਜ਼ਾਹਿਰ ਕੀਤੀ ਕਿ ਧਾਰਮਿਕ ਘੱਟ ਗਿਣਤੀਆਂ ਵੱਲੋਂ ਚਲਾਈਆਂ ਜਾ ਰਹੀਆਂ ਵਿੱਦਿਅਕ ਸੰਸਥਾਵਾਂ ਖਾਸ ਕਰਕੇ ਇਸਤਰੀ ਸਿੱਖਿਆ ਸੰਸਥਾਵਾਂ ਨੂੰ ਡੂੰਘੀ ਸਾਜ਼ਿਸ਼ ਦੇ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉੰਨਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਖਾਲਸਾ ਗਰਲਜ਼ ਹਾਈ ਸਕੂਲ ਸੰਗਰੂਰ ਨੂੰ ਸਰਕਾਰ ਵਲੋਂ ਕੋਈ ਗ੍ਰਾਂਟ ਨਹੀਂ ਦਿੱਤੀ ਜਾ ਰਹੀ ਹੈ ਅਤੇ ਦਖਲਅੰਦਾਜ਼ੀ ਜ਼ਿਆਦਾ ਕੀਤੀ ਜਾ ਰਹੀ ਹੈ ।ਜਿਸ ਕਰਕੇ ਸਕੂਲ ਦੇ ਸਟਾਫ ਦੀਆਂ ਤਨਖਾਹਾਂ ਦੇਣ ਵਿਚ ਬਹੁਤ ਔਕੜ ਆ ਰਹੀ ਹੈ। ਕਰਨਾ ਦੀ ਬਿਮਾਰੀ ਕਰਕੇ ਜੋ ਡੋਨੇਸ਼ਨਜ਼ ਪਹਿਲੋਂ ਪ੍ਰਾਪਤ ਹੁੰਦੀਆਂ ਸਨ ਉਹ ਵੀ ਬੰਦ ਹਨ ਅਤੇ ਫੀਸਾਂ ਵੀ ਪ੍ਰਾਪਤ ਨਹੀਂ ਹੋ ਰਹੀਆਂ।ਸਾਰਿਆਂ ਨੂੰ ਮਿਲ ਕੇ ਸਰਕਾਰ ਤੇ ਦਬਾਓ ਪਾਉਣਾ ਚਾਹੀਦਾ ਹੈ ਕਿ ਉਹ ਅਜਿਹੇ ਲੜਕੀਆਂ ਦੇ ਸਕੂਲਾਂ ਲਈ ਦਿਲ ਖੋਲ ਕੇ ਫੰਡ ਦੇਵੇ ਤਾਂ ਜੋ ਇਹ ਸਕੂਲ ਚੰਗੀ ਤਰਾਂ ਚੱਲ ਸਕਣ। ਇਹ ਸੰਸਥਾਵਾਂ ਚਲਾਉਣ ਲਈ ਹੀ ਖੋਲੀਆਂ ਗਈਆਂ ਸਨ ਪਰ ਫੰਡਾਂ ਦੀ ਘਾਟ ਕਰਕੇ ਬਹੁਤ ਵੱਡੇ ਵਿੱਤੀ ਘਾਟੇ ਵਿਚ ਚਲ ਰਹੀਆਂ ਹਨ। ਕਾਲਜ ਦੀ ਉੱਚ ਵਿਦਿਆ ਲਈ ਬੇਟੀਆਂ ਇੰਨਾ ਸਕੂਲਾਂ ਵਿਚੋਂ ਪੜ੍ਹ ਕੇ ਹੀ ਸਮਰੱਥ ਬਣਦੀਆਂ ਹਨ ।ਸੰਤ ਅੱਤਰ ਸਿੰਘ ਜੀ ਦੇ ਵਿਚਾਰਾਂ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੀ ਇਲਾਕੇ ਦੀ ਇੱਕੋ ਇਕ ਸੰਸਥਾ ਅਕਾਲ ਡਿਗਰੀ ਕਾਲਜ ਲੜਕੀਆਂ ਨੂੰ ਵਿੱਦਿਅਕ ਤੇ ਨੈਤਿਕ ਤੌਰ ਤੇ ਪ੍ਰਪੱਕ ਕਰ ਰਹੀ ਹੈ । ਕਾਲਜ ਦੇ ਬਾਨੀ ਪ੍ਰਿੰਸੀਪਲ ਤੇ ਮੈਂਬਰ ਪ੍ਰਬੰਧਕ ਕਮੇਟੀ ਪ੍ਰਿ: ਸ਼ਿਵਰਾਜ ਕੌਰ ਜੀ ਅਤੇ ਡਾਇਰੈਕਟਰ ਡਾ: ਹਰਜੀਤ ਕੌਰ ਵੱਲੋਂ ਕਾਲਜ ਦੇ ਨਿਰਮਾਣ ਅਤੇ ਸੰਚਾਲਨ ਵਿਚ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉੰਨਾ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਕਮੇਟੀ ਨੂੰ ਬਹਾਲ ਕਰੇ ਤਾਂ ਜੋ ਇਹ ਸੰਸਥਾ ਇਲਾਕੇ ਦੀ ਸੇਵਾ ਕਰ ਸਕੇ।
ਇਸ ਬਾਰੇ ਸੰਗਰੂਰ ਦੇ ਉੱਘੇ ਸਮਾਜਸੇਵੀ, ਰਾਜਿੰਦਰ ਸਿੰਘ ਭੱਲੂ ਨੇ ਕਿਹਾ ਕਿ ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਪਿਛਲੇ ਪੰਜਾਹ ਸਾਲ ਤੋਂ ਵਿਦਿਆ ਦੇ ਖੇਤਰ ਵਿੱਚ ਅਤੇ ਇਲਾਕੇ ਦੀ ਤਰੱਕੀ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ, ਕਿਉਂਕਿ ਪੜ੍ਹੀਆਂ ਲਿਖੀਆਂ ਲੜਕੀਆਂ ਨੇ ਸਮਾਜ ਨੂੰ ਸੇਧ ਦਿੱਤੀ ਹੈ। ਕਾਲਜ ਮੈਨੇਜਮੈਂਟ ਬਹੁਤ ਵਧੀਆ ਕਾਰਜ ਕਰ ਰਹੀ ਹੈ। ਪਿਛਲੇ ਸਮੇਂ ਦੌਰਾਨ ਕੋਈ ਵੀ ਖਾਮੀ ਇਸ ਬਾਰੇ ਸਾਹਮਣੇ ਨਹੀਂ ਆਈ। ਸੰਤ ਅਤਰ ਸਿੰਘ ਜੀ ਦੇ ਵਿਚਾਰਾਂ ਦਾ ਪ੍ਰਸਾਰ ਕਰਨ ਵਾਲੀ ਸੰਸਥਾ ਦਾ ਨੁਕਸਾਨ ਕਰਨ ਵਾਲੀਆਂ ਤਾਕਤਾਂ ਕਦੇ ਵੀ ਸਫਲ ਨਹੀਂ ਹੋਣਗੀਆਂ । ਕਾਲਜ ਮੈਨੇਜਮੈਂਟ ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਹੋਰ ਕਿਹਾ ਕਿ ਇਸ ਮੈਨੇਜਮੈਂਟ ਨੇ ਬਹੁਤ ਸੀਮਤ ਸਾਧਨਾ ਦੇ ਹੁੰਦੇ ਹੋਏ ਕਾਲਜ ਦੀਆਂ ਆਧੁਨਿਕ ਬਿਲਡਿੰਗਾਂ ਦਾ ਨਿਰਮਾਣ ਹੀ ਨਹੀਂ ਕੀਤਾ ਸਗੋਂ ਲੜਕੀਆਂ ਦੀ ਵਿੱਦਿਆ ਲਈ ਨਵੇਂ ਕੋਰਸ ਲਿਆਕੇ ਇਸ ਪਛੜੇ ਇਲਾਕੇ ਦੀਆਂ ਗਰੀਬ,ਅਤੇ ਦਲਿਤ ਲੜਕੀਆਂ ਨੂੰ ਸਸਤੀ ਵਿਦਿਆ ਮੁਹੱਈਆ ਕਰਾ ਕੇ ਆਪਣੇ ਪੈਰਾਂ ਤੇ ਖੜ੍ਹਾ ਕੀਤਾ। ਅਜਿਹੇ ਉਸਾਰੂ ਕਾਰਜ ਕਰਨ ਵਾਲੀ ਸੰਸਥਾ ਦੀ ਮੈਨੇਜਮੈਂਟ ਨੂੰ ਪੂਰੀ ਤਰ੍ਹਾਂ ਸਹਿਯੋਗ ਦੇਣਗੇ। ਮੈਨੇਜਮੈਂਟ ਨੂੰ ਮੁਅੱਤਲ ਕਰ ਦਿੱਤਾਅਤੇ ਮੈਨੇਜਮੈਂਟ ਨੂੰ ਸ਼ਿਕਾਇਤ ਦੀ ਕਾਪੀ ਤਕਵੀ ਨਹੀਂ ਦਿੱਤੀ ਗਈ। ਮੈਨੇਜਮੈਂਟ ਅਜਿਹੇ ਧੱਕੇ ਵਿਰੁੱਧ ਉੱਚ ਅਦਾਲਤ ਦੀ ਸ਼ਰਣ ਵਿੱਚ ਗਈ ਜੋ ਕਿ ਉਸਦਾ ਹੱਕ ਹੈ।
ਇਸ ਬਾਰੇ ਉੱਘੇ ਚਿੰਤਕ ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਸੇਖੋਂ ਦੇ ਪ੍ਰਧਾਨ ਡਾ. ਤੇਜਵੰਤ ਮਾਨ ਆਪਣਾ ਵਿਰੋਧ ਪਹਿਲਾਂ ਹੀ ਜਤਾ ਚੁੱਕੇ ਹਨ, ਡਾ : ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬ ਲੇਖਕ ਸਭਾ ਨੇ ਕਿਹਾ ਕਿ ਵਿੱਦਿਅਕ ਖੇਤਰ ਵਿਚ ਵਧੀਆ ਕਾਰਜ ਕਰ ਰਹੀ ਮੈਨਜਮੈਂਟ ਨੂੰ ਮੁਅੱਤਲ ਕਰਨਾ ਬਹੁਤ ਹੀ ਮੰਦਭਾਗਾ ਹੈ ਕਿਓਂਕਿ ਪਿਛਲੇ 50 ਸਾਲਾਂ ਤੋਂ ਇਸਤਰੀ ਵਿਦਿਆ ਲਈ ਨਿਰੰਤਰ ਕਾਰਜਸ਼ੀਲ ਸੰਸਥਾ ਬਾਰੇ ਕੋਈ ਵੀ ਖ਼ਾਮੀ ਜਾ ਬੇਨਿਯਮੀ ਕਦੇ ਵੀ ਸਾਹਮਣੇ ਨਹੀਂ ਆਈ ।ਸਰਕਾਰ ਵਲੋਂ ਆਰਥਿਕ ਸੰਕਟ ਅਧੀਨ ਘਟਾਈਆਂ ਗਰਾਂਟਾਂ ਦੇ ਦੌਰ ਵਿਚ ਵਧੀਆ ਚੱਲ ਰਹੇ ਕਾਲਜ ਨੂੰ ਲੀਹੋਂ ਲਾਹੁਣ ਵਾਲੀ ਗੱਲ ਹੈ। ਕਾਲਜ ਦੇ ਲੇਖੇ ਸਾਰੀ ਉਮਰ ਲਾਉਣ ਵਾਲੀਆਂ ਸਿੱਖਿਆ ਸ਼ਾਸਤਰੀ ਪ੍ਰਿ : ਸਿਵਰਾਜ ਕੌਰ ਅਤੇ ਡਾ : ਹਰਜੀਤ ਕੌਰ ਦੀ ਦੇਣ ਬਦਲੇ ਉੰਨਾ ਨੂੰ ਸਨਮਾਨਿਤ ਕਰਨਾ ਬਣਦਾ ਹੈ। ਕਾਲਜ ਦੀ ਮੌਜੂਦਾ ਪ੍ਰਿੰਸੀਪਲ , ਡੀ.ਪੀ. ਆਈ (ਕਾਲਜਾਂ) ਅਤੇ ਹੋਰ ਤੱਤਾਂ ਦੀ ਮਿਲੀਭੁਗਤ ਅਤੇ ਸਾਜਿਸ਼ ਦਾ ਪੁਖਤਾ ਸਬੂਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਡੀ.ਪੀ. ਆਈ ਦਫਤਰ ਵਲੋਂ 18.06.2020 ਨੂੰ ਮੇਲ ਕੀਤਾ ਪੱਤਰ ਮੈਨਜਮੈਂਟ ਨੂੰ 29.06.2020 ਨੂੰ ਮਿਲਦਾ ਹੈ। ਇਸ ਪ੍ਰਕਾਰ ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਦੇ ਪੱਤਰ ਮਸਤੂਆਣਾ ਭੇਜੇ ਗਏ ਜਿਥੋਂ ਰੀਡਾਇਰੈਕਟ ਹੋ ਕੇ ਕਰੀਬ ਦੋ ਹਫਤਿਆਂ ਬਾਅਦ ਮੈਨਜਮੈਂਟ ਨੂੰ ਪ੍ਰਾਪਤ ਹੋਏ । ਇਹ ਸਿਰਫ ਝੂਠੇ ਦੋਸ਼ ਘੜਣ ਲਈ ਕੀਤਾ ਗਿਆ ਹੈ । ਜਦਕਿ ਮੈਨਜਮੈਂਟ ਵਲੋਂ ਭੇਜੀ ਗਈ ਪ੍ਰਾਰਥਨਾ ਤੇ ਕੋਈ ਗੋਰ ਨਹੀਂ ਕੀਤਾ ਅਤੇ ਹਾਲੇ ਤਕ ਮੈਨਜਮੈਂਟ ਨੂੰ ਸ਼ਿਕਾਇਤ ਦੀ ਕਾਪੀ ਵੀ ਨਹੀਂ ਦਿੱਤੀ ਗਈ। ਅਜਿਹਾ ਕਰਕੇ ਕੁਦਰਤੀ ਨਿਆਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।
ਪ੍ਰੈਸ ਨੋਟ ਜਾਰੀ ਕਰਦੇ ਹੋਏ ਅਵਤਾਰ ਸਿੰਘ ਨੇ ਕਿਹਾ ਕਿ ਇਲਾਕੇ ਅਤੇ ਪੰਜਾਬ ਪੱਧਰ ਦੀਆਂ ਸਮਾਜਿਕ, ਧਾਰਮਿਕ , ਸਾਹਿਤਕ ਸੰਸਥਾਵਾਂ ਨੇ ਕਾਲਜ ਦੀ ਮੈਨਜਮੈਂਟ ਨੂੰ ਆਪਣਾ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ । ਇੰਨਾ ਵਿਚ ਸੰਤ ਸ਼ੇਰ ਸਿੰਘ , ਬਾਬਾ ਹਰੀ ਸਿੰਘ , ਸੰਤ ਪ੍ਰਭਜੋਤ ਸਿੰਘ , ਸਰਬਜੀਤ ਸਿੰਘ , ਇੰਦਰਜੀਤ ਸਿੰਘ , ਬਚਿੱਤਰ ਸਿੰਘ ,ਜਗਮਿੰਦਰ ਸਿੰਘ ਆਦਿ ਅਨੇਕਾਂ ਸ਼ਖ਼ਸੀਅਤਾਂ ਸ਼ਾਮਿਲ ਹਨ।