ਨਿਊਜ਼ ਡੈਸਕ: ਗਾਜ਼ਾ ਵਿੱਚ ਹਵਾਈ ਹਮਲੇ ਕਰਨ ਤੋਂ ਬਾਅਦ ਮੰਗਲਵਾਰ ਰਾਤ ਨੂੰ ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ ਕਿ ਹਮਾਸ ਨਾਲ ਜੰਗਬੰਦੀ ਬੁੱਧਵਾਰ ਤੋਂ ਵਾਪਸ ਲਾਗੂ ਹੋ ਗਈ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਗਾਜ਼ਾ ਵਿੱਚ “ਅੱਤਵਾਦੀ ਟੀਚਿਆਂ ਅਤੇ ਅੱਤਵਾਦੀਆਂ” ‘ਤੇ ਹਮਲਿਆਂ ਤੋਂ ਬਾਅਦ ਜੰਗਬੰਦੀ ਵਾਪਿਸ ਲਾਗੂ ਹੋ ਗਈ ਹੈ। ਇਜ਼ਰਾਈਲ ਨੇ ਕਿਹਾ ਕਿ ਉਸਦੀਆਂ ਫੌਜਾਂ ਨੇ ਫਲਸਤੀਨੀ ਖੇਤਰਾਂ ਵਿੱਚ ਕੰਮ ਕਰ ਰਹੇ “ਅੱਤਵਾਦੀ ਸੰਗਠਨਾਂ ਦੇ 30 ਚੋਟੀ ਦੇ ਅੱਤਵਾਦੀਆਂ” ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਸਨ।
ਗਾਜ਼ਾ ‘ਤੇ ਇਜ਼ਰਾਈਲੀ ਫੌਜ ਦੇ ਰਾਤ ਭਰ ਦੇ ਹਮਲੇ ਵਿੱਚ ਹੁਣ ਤੱਕ 81 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਦਰਜਨਾਂ ਲੋਕ ਜ਼ਖਮੀ ਹੋ ਗਏ ਹਨ। ਇਸ ਤੋਂ ਬਾਅਦ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਟੁੱਟ ਗਈ ਸੀ, ਪਰ ਇਸ ਦੌਰਾਨ, ਇਜ਼ਰਾਈਲ ਨੇ ਇੱਕ ਵੱਡਾ ਦਾਅਵਾ ਕੀਤਾ ਹੈ ਕਿ ਜੰਗਬੰਦੀ ਦੁਬਾਰਾ ਲਾਗੂ ਕੀਤੀ ਜਾਵੇਗੀ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਜੰਗਬੰਦੀ ਸਮਝੌਤੇ ਦੀ ਪਾਲਣਾ ਕਰਨਾ ਜਾਰੀ ਰੱਖੇਗੀ, ਪਰ ਸਮਝੌਤੇ ਦੀ ਕਿਸੇ ਵੀ ਉਲੰਘਣਾ ਦਾ ਸਖ਼ਤ ਜਵਾਬ ਵੀ ਦੇਵੇਗੀ। ਹਾਲਾਂਕਿ, ਇਸ ਇਜ਼ਰਾਈਲੀ ਦਾਅਵੇ ‘ਤੇ ਹਮਾਸ ਵੱਲੋਂ ਤੁਰੰਤ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।

