ਕੇਂਦਰੀ ਜੇਲ੍ਹ ਕਪੂਰਥਲਾ ‘ਚੋਂ ਹਵਾਲਾਤੀਆਂ ਕੋਲੋਂ 8 ਮੋਬਾਈਲ ਫ਼ੋਨ, ਨਸ਼ੀਲਾ ਪਦਾਰਥ ਤੇ ਹੋਰ ਸਮਾਨ ਬਰਾਮਦ

TeamGlobalPunjab
2 Min Read

ਕਪੂਰਥਲਾ: ਥਾਣਾ ਕੋਤਵਾਲੀ ਪੁਲਿਸ ਨੇ ਕੇਂਦਰੀ ਜੇਲ੍ਹ ਕਪੂਰਥਲਾ ‘ਚੋਂ 8 ਮੋਬਾਈਲ ਫ਼ੋਨ ਸਮੇਤ ਸਿੰਮ, ਡਾਟਾ ਕੇਬਲ ਤੇ ਹੋਰ ਸਮਾਨ ਬਰਾਮਦ ਕਰਕੇ ਹਵਾਲਾਤੀ ਔਰਤ ਨਵਦੀਪ ਕੌਰ ਉਰਫ਼ ਦੀਪ ਵਾਸੀ ਤਲਵੰਡੀ ਭਾਈ ਫ਼ਿਰੋਜ਼ਪੁਰ, ਹਵਾਲਾਤੀ ਗੁਰਜੰਟ ਸਿੰਘ ਉਰਫ਼ ਜੰਟਾ ਵਾਸੀ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ, ਵਿਸ਼ਾਲ ਕੁਮਾਰ ਉਰਫ਼ ਬਈਆ ਵਾਸੀ ਬਾਬਾ ਦੀਪ ਸਿੰਘ ਕਲੋਨੀ ਅੰਮ੍ਰਿਤਸਰ, ਹਵਾਲਾਤੀ ਦੇਸ ਰਾਜ ਉਰਫ਼ ਵਿੱਕੀ ਵਾਸੀ ਖੈੜਾ ਭੱਟੀਆ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ, ਸੁਖਵਿੰਦਰ ਸਿੰਘ ਉਰਫ਼ ਸੁੱਖੀ ਵਾਸੀ ਬਰਨਾਲਾ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਬੀਤੀ 11 ਸਤੰਬਰ ਨੂੰ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਅਵਤਾਰ ਸਿੰਘ, ਭਗਵੰਤ ਸਿੰਘ, ਸ਼ਸ਼ੀਪਾਲ ਵਲੋਂ ਔਰਤਾਂ ਦੀ ਬੈਰਕ ਦੀ ਅਚਾਨਕ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਨਵਦੀਪ ਕੌਰ ਉਰਫ਼ ਦੀਪ ਪਾਸੋਂ ਇੱਕ ਸੈਮਸੰਗ ਕੰਪਨੀ ਦਾ ਬਿਨਾਂ ਟੱਚ ਸਕਰੀਨ ਮੋਬਾਈਲ ਫ਼ੋਨ, ਇਸੇ ਤਰ੍ਹਾਂ ਇੱਕ ਬੈਰਕ ਦੇ ਕਮਰਾ ਨੰਬਰ 7 ਤੇ 8 ‘ਚੋਂ ਬਾਥਰੂਮ ਦੀ ਟੈਂਕੀ ਹੇਠੋਂ ਪੱਥਰ ਦੇ ਪਲੇਟ ਹੇਠ ਲੁਕਾਏ ਚਾਰ ਮੋਬਾਈਲ ਫ਼ੋਨ, ਅਡਾਪਟਰ, ਡਾਟਾ ਕੇਬਲ, ਇਸੇ ਤਰ੍ਹਾਂ ਬੈਰਕ ਨੰਬਰ 9 ਦੇ ਕਮਰਾ ਨੰਬਰ 7 ‘ਚੋਂ ਮੋਬਾਈਲ ਫ਼ੋਨ ਗੁਰਜੰਟ ਸਿੰਘ ਉਰਫ਼ ਜੰਟਾ ਪਾਸੋਂ ਬਰਾਮਦ ਕੀਤਾ ਗਿਆ।

ਇਸੇ ਤਰ੍ਹਾਂ ਬਾਅਦ ਵਿਚ ਬੈਰਕ ਨੰਬਰ 8 ਦੇ ਕਮਰਾ ਨੰਬਰ 9 ਦੀ ਤਲਾਸ਼ੀ ਦੌਰਾਨ ਹਵਾਲਾਤੀ ਵਿਸ਼ਾਲ ਉਰਫ਼ ਬਈਆ ਤੋਂ ਸੈਮਸੰਗ ਕੰਪਨੀ ਦਾ ਕਾਲੇ ਰੰਗ ਦਾ ਮੋਬਾਈਲ ਫ਼ੋਨ ਤੇ ਹੋਰ ਸਮਾਨ, ਬੈਰਕ ਨੰਬਰ 2 ਦੇ ਕਮਰਾ ਨੰਬਰ 6 ਵਿਚੋਂ ਦੇਸ ਰਾਜ ਉਰਫ਼ ਵਿੱਕੀ ਪਾਸੋਂ ਇਕ ਮੋਬਾਈਲ ਫ਼ੋਨ ਸਿੰਮ ਸਮੇਤ ਬਰਾਮਦ ਕੀਤਾ ਗਿਆ। ਬੈਰਕ ਨੰਬਰ ਇੱਕ ਦੇ ਕਮਰਾ ਨੰਬਰ 6 ਦੀ ਤਲਾਸ਼ ਦੌਰਾਨ ਸੁਖਵਿੰਦਰ ਸਿੰਘ ਉਰਫ ਸੁੱਖੀ ਪਾਸੋਂ ਨਸ਼ੀਲਾ ਪਦਾਰਥ ਤੇ ਸਿੰਮ ਬਰਾਮਦ ਹੋਇਆ। ਇਸ ਮਾਮਲੇ ਦੀ ਪੜਤਾਲ ਏ.ਐਸ.ਆਈ. ਅਰਜਨ ਸਿੰਘ ਵਲੋਂ ਕੀਤੀ ਜਾ ਰਹੀ ਹੈ।

Share This Article
Leave a Comment