ਲੁਧਿਆਣਾ: ਲੁਧਿਆਣਾ ਨੇੜ੍ਹੇ ਪਿੰਡ ਕਿਲਾ ਰਾਏਪੁਰ ਵਿੱਚ 71 ਸਾਲ ਦੀ ਅਮਰੀਕੀ ਨਾਗਰਿਕ ਅਤੇ ਭਾਰਤੀ ਮੂਲ ਦੀ ਰੂਪਿੰਦਰ ਕੌਰ ਪੰਧੇਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਜੁਲਾਈ ਦੇ ਅਖੀਰ ਵਿੱਚ ਵਾਪਰੀ ਸੀ, ਪਰ ਹਾਲ ਹੀ ਵਿੱਚ ਇਸਦਾ ਖੁਲਾਸਾ ਹੋਇਆ। ਪੁਲਿਸ ਨੇ ਮੁੱਖ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਰੂਪਿੰਦਰ ਕੌਰ ਤਲਾਕਸ਼ੁਦਾ ਸੀ ਅਤੇ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ। ਸੂਤਰਾਂ ਅਨੁਸਾਰ, ਉਸ ਦੀ ਗਲਾ ਘੁੱਟ ਕੇ ਕਤਲ ਕੀਤਾ ਗਿਆ। ਕਤਲ ਦੀ ਸਾਜ਼ਿਸ਼ ਚਰਨਜੀਤ ਨੇ ਰਚੀ ਸੀ, ਜੋ ਇਸ ਸਮੇਂ ਇੰਗਲੈਂਡ ਵਿੱਚ ਹੈ ਅਤੇ ਔਰਤ ਨਾਲ ਲੰਬੇ ਸਮੇਂ ਤੋਂ ਸੰਪਰਕ ਵਿੱਚ ਸੀ। ਪੁਲਿਸ ਇਸ ਕੇਸ ਵਿੱਚ ਜਲਦੀ ਹੋਰ ਖੁਲਾਸੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਅਵਸ਼ੇਸ਼ ਲੱਭਣ ਦੀ ਕੋਸ਼ਿਸ਼
ਏ.ਸੀ.ਪੀ. ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਵਿੱਚ ਹੋਰ ਸਬੂਤ ਇਕੱਠੇ ਕਰ ਰਹੀ ਹੈ। ਇਸ ਵਿੱਚ ਰੂਪਿੰਦਰ ਕੌਰ ਪੰਧੇਰ ਦੇ ਕੰਕਾਲ ਦੇ ਅਵਸ਼ੇਸ਼ ਲੱਭਣ ਦੀ ਕੋਸ਼ਿਸ਼ ਵੀ ਸ਼ਾਮਲ ਹੈ। ਮੁੱਖ ਦੋਸ਼ੀ ਸੁਖਜੀਤ ਸਿੰਘ ਸੋਨੂ, ਜੋ ਮਾਲ੍ਹਾ ਪੱਟੀ, ਕਿਲਾ ਰਾਏਪੁਰ ਦਾ ਵਸਨੀਕ ਹੈ, ਨੇ ਪੁਲਿਸ ਸਾਹਮਣੇ ਕਬੂਲ ਕੀਤਾ ਕਿ ਉਸ ਨੇ ਰੁਪਿੰਦਰ ਕੌਰ ਦਾ ਕਤਲ ਕੀਤਾ। ਉਸ ਨੇ ਦੱਸਿਆ ਕਿ ਇਹ ਸਾਜ਼ਿਸ਼ ਵਿਆਹ ਦੇ ਨਾਮ ‘ਤੇ ਰਚੀ ਸੀ।
ਪੈਸੇ ਹੜੱਪਣ ਦੀ ਸੀ ਸਾਜ਼ਿਸ਼
ਸੂਤਰਾਂ ਅਨੁਸਾਰ, ਦੋਸ਼ੀ ਨੇ ਰੂਪਿੰਦਰ ਕੌਰ ਤੋਂ ਲੱਖਾਂ ਰੁਪਏ ਠੱਗਣ ਲਈ ਇਹ ਸਾਜ਼ਿਸ਼ ਰਚੀ ਸੀ। ਰੂਪਿੰਦਰ ਕੌਰ ਨੇ ਦੋਸ਼ੀ ਸੋਨੂ ਅਤੇ ਉਸ ਦੇ ਭਰਾ ਦੇ ਖਾਤਿਆਂ ਵਿੱਚ ਵੱਡੀ ਰਕਮ ਟਰਾਂਸਫਰ ਕੀਤੀ ਸੀ।
ਡੇਹਲੋਂ ਦੇ ਐਸ.ਐਚ.ਓ. ਸੁਖਜਿੰਦਰ ਸਿੰਘ ਦੀ ਸਟੇਟਸ ਰਿਪੋਰਟ ਅਨੁਸਾਰ, ਸੋਨੂ ਨੇ ਆਪਣੇ ਸਾਥੀ ਚਰਨਜੀਤ ਨਾਲ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ ਅਤੇ ਇਸ ਨੂੰ ਅੰਜਾਮ ਦਿੱਤਾ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਹੋਰ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰਨ ਦੀ ਸੰਭਾਵਨਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

